ਕਾਤਲਾਨਾ ਹਮਲੇ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ ਦੀ ਸਮਾਜ ਸੇਵੀ ਔਰਤ ਰਾਣੀ ਨੀਲਮ ਪਾਲ ਸਿੰਘ ਉਪਰ ਕਾਤਲਾਨਾ ਹਮਲਾ ਹੋਇਆ ਸੀ। ਇਸ ਸਬੰਧ ਵਿੱਚ ਪੁਲੀਸ ਵੱਲੋਂ ਅੱਜ ਗ੍ਰਿਫ਼ਤਾਰ ਕੀਤੇ ਮੁਲਜ਼ਮ ਅਨਿਲ ਮਹਾਜਨ ਉਰਫ ਨੀਟਾ ਨੇ ਖੁਲਾਸਾ ਕੀਤਾ ਕਿ 4 ਲੱਖ ਰੁਪਏ ਦੇ ਲੈਣ-ਦੇਣ ਦੇ ਵਿਵਾਦ ਕਾਰਨ ਉਸ ਨੇ ਇਹ ਹਮਲਾ ਕੀਤਾ ਸੀ। ਦੱਸਣਯੋਗ ਹੈ ਕਿ ਸੈਕਟਰ-23 ਵਿਚ ਬਿਜਲੀ ਦੀ ਦੁਕਾਨ ਕਰਦੇ ਨੀਟਾ ਨੇ 20 ਨਵੰਬਰ ਨੂੰ ਸੈਕਟਰ-38 ਸਥਿਤ ਰਾਣੀ ਦੇ ਘਰ ਜਾ ਕੇ ਹਥੌੜੇ ਨਾਲ ਵਾਰ ਕਰਕੇ ਉਸ ਦਾ ਸਿਰ ਫੇਹ ਦਿੱਤਾ ਸੀ। ਰਾਣੀ ਪੀਜੀਆਈ ਵਿਚ ਦਾਖਲ ਹੈ। ਨੀਟਾ ਨੇ ਇਸ ਮੌਕੇ ਰਾਣੀ ਦੇ ਨੌਕਰ ਪ੍ਰਕਾਸ਼ ਬਹਾਦਰ ਨੂੰ ਵੀ ਜ਼ਖਮੀ ਕਰ ਦਿੱਤਾ ਸੀ। ਐਸਐਸਪੀ ਮਲਿੰਦਾ ਮਹਾਦਿਓ ਡੁੰਬਰੇ, ਏਐਸਪੀ ਨਿਹਾਰਿਕਾ ਭੱਟ ਅਤੇ ਸੈਕਟਰ-39 ਥਾਣੇ ਦੇ ਐਸਐਚਓ ਮਨਿੰਦਰ ਸਿੰਘ ਨੇ ਅੱਜ ਦੱਸਿਆ ਕਿ ਨੀਟਾ ਇਹ ਕਾਰਾ ਕਰਨ ਤੋਂ ਬਾਅਦ ਅੰਮ੍ਰਿਤਸਰ ਚਲਾ ਗਿਆ ਸੀ। ਸੂਹ ਮਿਲਣ ’ਤੇ ਸਬ-ਇੰਸਪੈਕਟਰ ਗੁਰਜੀਵਨ ਸਿੰਘ ਦੀ ਅਗਵਾਈ ਹੇਠ ਟੀਮ ਨੂੰ ਦਰਬਾਰ ਸਾਹਿਬ ਭੇਜਿਆ ਗਿਆ ਜਿਥੋਂ ਉਸ ਨੂੰ ਗ੍ਰਿਫਤਾਰ ਕਰ ਕੇ ਲਿਆਂਦਾ ਗਿਆ। ਐਸਐਸਪੀ ਅਨੁਸਾਰ ਨੀਟਾ ਨੇ ਗ੍ਰਿਫਤਾਰੀ ਤੋਂ ਬਾਅਦ ਕਈ ਖੁਲਾਸੇ ਕੀਤੇ ਹਨ। ਉਸ ਨੇ ਦੱਸਿਆ ਹੈ ਕਿ ਉਹ ਰਾਣੀ ਨੂੰ ਲੰਮੇਂ ਸਮੇਂ ਤੋਂ ਜਾਣਦਾ ਹੈ ਅਤੇ ਉਹ ਉਨ੍ਹਾਂ ਦੇ ਸੈਕਟਰ 23-ਡੀ ਸਥਿਤ ਮਕਾਨ ਦੀ ਪਹਿਲੀ ਮੰਜ਼ਿਲ ’ਤੇ ਰਹਿੰਦੀ ਸੀ। ਉਹ ਰਾਣੀ ਨੂੰ ‘ਦੀਦੀ’ ਕਹਿ ਕੇ ਬੁਲਾਉਂਦਾ ਸੀ। ਨੀਟਾ ਨੇ ਦੱਸਿਆ ਕਿ ਰਾਣੀ ਸਮਾਜ ਸੇਵਾ ਕਰਦੀ ਸੀ ਅਤੇ ਰਾਣੀ ਨੇ ਉਸ ਤੋਂ 4 ਲੱਖ ਰੁਪਏ ਉਧਾਰ ਲਏ ਸਨ। ਉਸ ਨੇ ਇਹ ਰਾਸ਼ੀ ਕਿਸੇ ਫਾਇਨੈਸ਼ਰ ਕੋਲੋਂ ਮੋਟੇ ਵਿਆਜ ’ਤੇ ਲੈ ਕੇ ਰਾਣੀ ਨੂੰ ਘੱਟ ਵਿਆਜ ’ਤੇ ਦਿੱਤੀ ਸੀ। ਇਸੇ ਦੌਰਾਨ ਫਾਇਨਾਂਸ਼ਰ ਉਸ ’ਤੇ ਰਾਸ਼ੀ ਵਾਪਸ ਲੈਣ ਲਈ ਦਬਾਅ ਪਾਉਂਦਾ ਰਿਹਾ ਪਰ ਰਾਣੀ ਪੈਸੇ ਵਾਪਸ ਨਹੀਂ ਕਰ ਰਹੀ ਸੀ। ਇਸੇ ਤਹਿਤ ਹੀ ਉਹ 20 ਨਵੰਬਰ ਨੂੰ ਸਵੇਰੇ ਰਾਣੀ ਦੇ ਸੈਕਟਰ 38-ਡੀ ਸਥਿਤ ਘਰ ਗਿਆ ਸੀ।