ਗ੍ਰਨੇਡ ਹਮਲਾ: ਪਿਸਤੌਲ ਤੇ ਗ੍ਰਨੇਡ ਅਵਤਾਰ ਲੈ ਕੇ ਆਇਆ

ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ ਵਿਚ ਗ੍ਰਨੇਡ ਹਮਲੇ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਬਿਕਰਮਜੀਤ ਸਿੰਘ ਨੇ ਪੁਲੀਸ ਕੋਲ ਖੁਲਾਸਾ ਕੀਤਾ ਕਿ ਇਸ ਘਟਨਾ ਵਿਚ ਉਸ ਦਾ ਦੂਜਾ ਸਾਥੀ ਅਵਤਾਰ ਸਿੰਘ ‘ਮੁੱਖ ਸਾਜ਼ਿਸ਼ਕਾਰ’ ਸੀ, ਜਿਸ ਨੇ ਵਾਰਦਾਤ ਕਰਨ ਦੀ ਸਮੁੱਚੀ ਯੋਜਨਾ ਤਿਆਰ ਕੀਤੀ ਸੀ। ਉਸ ਨੇ ਹੀ ਗ੍ਰਨੇਡ ਅਤੇ ਪਿਸਤੌਲ ਲਿਆਂਦੇ ਅਤੇ ਨਿਰੰਕਾਰੀ ਸਮਾਗਮ ਵਿਚ ਗ੍ਰਨੇਡ ਸੁੱਟਿਆ। ਬਿਕਰਮਜੀਤ ਸਿੰਘ ਨੂੰ ਅੱਜ ਪੁਲੀਸ ਨੇ ਰਾਜਾਸਾਂਸੀ ਥਾਣੇ ਵਿਚ ਲਿਆਂਦਾ ਸੀ, ਜਿਥੇ ਚੋਣਵੇਂ ਪੱਤਰਕਾਰਾਂ ਨੇ ਬਿਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਹੈ।
ਆਪਣੇ ਕਾਰੇ ’ਤੇ ਪਛਤਾਵਾ ਕਰਦਿਆਂ ਉਸ ਨੇ ਆਖਿਆ ਕਿ ਉਹ ਅਜਿਹਾ ਕੁਝ ਵੀ ਨਹੀਂ ਕਰਨਾ ਚਾਹੁੰਦਾ ਸੀ ਪਰ ਅਵਤਾਰ ਸਿੰਘ ਨੇ ਉਸ ਨੂੰ ਆਪਣੇ ਝਾਂਸੇ ਵਿਚ ਲੈ ਲਿਆ ਅਤੇ ਉਹ ਉਸ ਦੀਆਂ ਗੱਲਾਂ ਵਿਚ ਫਸ ਗਿਆ। ਉਸ ਦੇ ਪਰਿਵਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਕਿ ਘਟਨਾ ਵੇਲੇ ਉਹ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ, ਬਾਰੇ ਗੱਲ ਕਰਦਿਆਂ ਉਸ ਨੇ ਖੁਲਾਸਾ ਕੀਤਾ ਕਿ ਘਰ ਆਉਣ ਬਾਅਦ ਉਹ ਖੇਤਾਂ ਵਿਚ ਚਲਾ ਗਿਆ ਅਤੇ ਉਥੋਂ ਆਪਣੇ ਮੋਟਰਸਾਈਕਲ ਤੇ ਅਵਤਾਰ ਸਿੰਘ ਦੇ ਪਿੰਡ ਚੱਕ ਮਿਸ਼ਰੀ ਖਾਂ ਚਲਾ ਗਿਆ ਸੀ, ਜਿਥੇ ਮੋਟਰਸਾਈਕਲ ਤੋਂ ਨੰਬਰ ਪਲੇਟ ਹਟਾ ਦਿੱਤੀ ਗਈ। ਉਹ ਦੋਵੇਂ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਿੰਡ ਅਦਲੀਵਾਲ ਚਲੇ ਗਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਮੂੰਹ ਢੱਕ ਲਏ ਸਨ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੋਵਾਂ ਨੇ 13 ਨਵੰਬਰ ਨੂੰ ਨਿਰੰਕਾਰੀ ਭਵਨ ਦਾ ਦੌਰਾ ਕੀਤਾ ਸੀ। ਉਨ੍ਹਾਂ ਇਹ ਵੀ ਦੇਖਿਆ ਕਿ ਉਥੇ ਸੀਸੀਟੀਵੀ ਕੈਮਰੇ ਨਹੀਂ ਹਨ। ਅਵਤਾਰ ਸਿੰਘ ਨਾਲ ਨੇੜਤਾ ਬਾਰੇ ਉਸ ਨੇ ਦੱਸਿਆ ਕਿ ਉਹ ਉਸ ਨੂੰ ਪਿਛਲੇ ਲਗਪਗ ਦੋ ਸਾਲਾਂ ਤੋਂ ਜਾਣਦਾ ਹੈ। ਉਹ ਉਸ ਕੋਲ ਦਵਾਈ ਲੈਣ ਲਈ ਜਾਂਦਾ ਹੁੰਦਾ ਸੀ। ਇਸ ਬੰਬ ਧਮਾਕੇ ਬਾਰੇ ਉਨ੍ਹਾਂ ਨੇ ਲਗਪਗ ਤਿੰਨ ਮਹੀਨੇ ਪਹਿਲਾਂ ਯੋਜਨਾ ਬਣਾਉਣੀ ਸ਼ੁਰੂ ਕੀਤੀ ਸੀ। ਚਾਰ ਨਵੰਬਰ ਨੂੰ ਅਵਤਾਰ ਸਿੰਘ ਹੈਂਡ ਗ੍ਰਨੇਡ ਅਤੇ ਪਿਸਤੌਲ ਲੈ ਕੇ ਆਇਆ ਸੀ।
ਅੱਜ ਇਥੇ ਥਾਣੇ ਵਿਚ ਪੱਤਰਕਾਰਾਂ ਅੱਗੇ ਉਸ ਨੇ ਘਟਨਾ ਨੂੰ ਅੰਜਾਮ ਦੇਣ ਬਾਰੇ ਮੰਨਿਆ ਹੈ ਪਰ ਉਸ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਬਿਕਰਮਜੀਤ ਸਿੰਘ ਨੂੰ ਇਸ ਮਾਮਲੇ ਵਿਚ ਗਲਤ ਫਸਾਇਆ ਗਿਆ ਹੈ। ਇਸ ਦੌਰਾਨ ਅੱਜ ਦਲ ਖਾਲਸਾ ਦੀ ਟੀਮ ਨੇ ਬਿਕਰਮਜੀਤ ਸਿੰਘ ਦੇ ਪਿੰਡ ਧਾਰੀਵਾਲ ਅਤੇ ਅਵਤਾਰ ਸਿੰਘ ਦੇ ਪਿੰਡ ਚੱਕ ਮਿਸ਼ਰੀ ਖਾਂ ਦਾ ਦੌਰਾ ਕਰਨ ਮਗਰੋਂ ਦਾਅਵਾ ਕੀਤਾ ਕਿ ਪੁਲੀਸ ਵਲੋਂ ਇਸ ਨੌਜਵਾਨ ਦੀ ਗ੍ਰਿਫ਼ਤਾਰੀ ਸਬੰਧੀ ਕੀਤੇ ਜਾ ਰਹੇ ਦਾਅਵੇ ਅਤੇ ਮਾਪਿਆਂ ਦੇ ਦਾਅਵੇ ਵਿਚ ਵੱਡਾ ਅੰਤਰ ਹੈ। ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਉਸ ਨੂੰ ਸੋਮਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਲਗਪਗ 36 ਘੰਟੇ ਨਜਾਇਜ਼ ਹਿਰਾਸਤ ਵਿਚ ਰੱਖਿਆ ਗਿਆ ਹੈ। ਇਸੇ ਦੌਰਾਨ ਉਸੇ ਸਮੇਂ ਅਵਤਾਰ ਸਿੰਘ ਦੇ ਘਰ ਵੀ ਛਾਪਾ ਮਾਰਿਆ ਗਿਆ ਪਰ ਉਹ ਘਰ ਨਹੀਂ ਮਿਲਿਆ ਅਤੇ ਪੁਲੀਸ ਉਸ ਦੇ ਪਿਤਾ ਨੂੰ ਚੁੱਕ ਲਿਆਈ ਸੀ, ਜੋ ਹੁਣ ਤਕ ਪੁਲੀਸ ਦੀ ਨਜਾਇਜ਼ ਹਿਰਾਸਤ ਵਿਚ ਹੈ। ਉਨ੍ਹਾਂ ਆਖਿਆ ਕਿ ਜੇ ਬਿਕਰਮਜੀਤ ਨੂੰ ਸੋਮਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਸੀ ਤਾਂ ਉਸ ਦੀ ਗ੍ਰਿਫ਼ਤਾਰੀ ਨੂੰ ਬੁੱਧਵਾਰ ਤਕ ਦਿਖਾਉਣ ਵਿਚ ਦੇਰ ਕਿਉਂ ਕੀਤੀ ਗਈ। ਜੇ ਉਸ ਦੇ ਖਿਲਾਫ਼ ਸਬੂਤ ਮਿਲੇ ਸਨ ਅਤੇ ਉਸ ਨੂੰ ਸੋਮਵਾਰ ਗ੍ਰਿਫ਼ਤਾਰ ਕੀਤਾ ਸੀ ਤਾਂ ਉਸ ਤੋਂ ਬਾਅਦ ਵੱਡੀ ਗਿਣਤੀ ਵਿਚ ਹੋਰ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨ ਦਾ ਕੀ ਅਰਥ ਹੈ।

ਬਿਕਰਮਜੀਤ ਸਿੰਘ ਦਾ 5 ਦਿਨ ਦਾ ਪੁਲੀਸ ਰਿਮਾਂਡਅਜਨਾਲਾ (ਅਸ਼ੋਕ ਸ਼ਰਮਾ): ਰਾਜਾਸਾਂਸੀ ’ਚ ਨਿਰੰਕਾਰੀ ਭਵਨ ਉਤੇ ਗ੍ਰਨੇਡ ਹਮਲੇ ਦੇ ਦੋ ਮੁਲਜ਼ਮਾਂ ਵਿਚੋਂ ਇੱਕ ਬਿਕਰਮਜੀਤ ਸਿੰਘ ਵਾਸੀ ਧਾਰੀਵਾਲ ਥਾਣਾ ਰਾਜਾਸਾਂਸੀ ਨੂੰ ਅੱਜ ਭਾਰੀ ਸੁਰੱਖਿਆ ਪ੍ਰਬੰਧ ਹੇਠ ਪੁਲੀਸ ਵੱਲੋਂ ਇੱਥੇ ਜੱਜ ਰਾਧਿਕਾ ਪੁਰੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਦਾ 26 ਨਵੰਬਰ ਤਕ ਪੁਲੀਸ ਰਿਮਾਂਡ ਦੇ ਦਿੱਤਾ ਹੈ। ਇਸ ਮੌਕੇ ਕੋਰਟ ਕੰਪਲੈਕਸ ਅੰਦਰ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ। ਪੱਤਰਕਾਰਾਂ ਨੂੰ ਵੀ ਮੁਲਜ਼ਮ ਬਿਕਰਮਜੀਤ ਸਿੰਘ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ ਅਤੇ ਪੱਤਰਕਾਰਾਂ ਨਾਲ ਕੁੱਝ ਪੁਲੀਸ ਮੁਲਾਜ਼ਮਾਂ ਨੇ ਧੱਕਾਮੁੱਕੀ ਵੀ ਕੀਤੀ। ਮੁਲਜ਼ਮ ਬਿਕਰਮਜੀਤ ਸਿੰਘ ਨੂੰ 11 ਵਜ ਕੇ 45 ਮਿੰਟ ਦੇ ਕਰੀਬ ਉਸ ਦਾ ਮੂੰਹ ਬੰਨ੍ਹ ਕੇ ਪੁਲੀਸ ਨੇ ਕੋਰਟ ਦੇ ਮੇਨ ਗੇਟ ਰਾਹੀਂ ਅਦਾਲਤ ਵਿਚ ਲਿਆਂਦਾ ਅਤੇ ਸਾਰੀ ਕਾਰਵਾਈ ਸਿਰਫ਼ ਪੰਦਰਾਂ ਕੁ ਮਿੰਟਾਂ ਵਿਚ ਨੇਪਰੇ ਚੜ੍ਹ ਗਈ। 12 ਵਜੇ ਮੁਲਜ਼ਮ ਨੂੰ ਮੁੜ ਭਾਰੀ ਸੁਰੱਖਿਆ ਹੇਠ ਬਾਹਰ ਲਿਆਂਦਾ ਅਤੇ ਪੁਲੀਸ ਪਾਰਟੀ ਬੁਲੇਟ ਪਰੂਫ ਗੱਡੀ ਵਿਚ ਬਿਠਾ ਕੇ ਲੈ ਗਈ।
ਇਸ ਮੌਕੇ ਇਕੱਤਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਪੀ (ਡੀ) ਹਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਦਾਲਤ ਕੋਲੋਂ ਮੁਲਜ਼ਮ ਦਾ 14 ਦਿਨਾਂ ਦਾ ਪੁਲੀਸ ਰਿਮਾਂਡ ਮੰਗਿਆ ਸੀ ਪਰ ਜੱਜ ਨੇ ਕੇਵਲ 5 ਦਿਨਾਂ ਦਾ ਹੀ ਰਿਮਾਂਡ ਦਿੱਤਾ ਹੈ। ਹੁਣ ਮੁਲਜ਼ਮ ਨੂੰ ਮੁੜ 27 ਨਵੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੁਲੀਸ ਕੋਲ ਬਿਕਰਮਜੀਤ ਸਿੰਘ ਦੇ ਗ੍ਰਨੇਡ ਹਮਲੇ ਵਿਚ ਸ਼ਾਮਲ ਹੋਣ ਦੇ ਪੁਖ਼ਤਾ ਸਬੂਤ ਹਨ ਅਤੇ ਇਸ ਦੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਨਾਲ ਸਬੰਧਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਡੀਐੱਸਪੀ ਅਜਨਾਲਾ ਹਰਪ੍ਰੀਤ ਸਿੰਘ ਸੈਣੀ, ਐੱਸਐੱਚਓ ਥਾਣਾ ਰਾਜਾਸਾਂਸੀ ਸੁਖਜਿੰਦਰ ਸਿੰਘ ਖਹਿਰਾ ਸਮੇਤ ਹੋਰ ਪੁਲੀਸ ਅਧਿਕਾਰੀ ਮੌਜੂਦ ਸਨ।

ਪਾਕਿਸਤਾਨ ਨੇ ਅੰਮ੍ਰਿਤਸਰ ਹਮਲੇ ਸਬੰਧੀ ਭਾਰਤ ਦੇ ਦੋਸ਼ ਨਕਾਰੇਇਸਲਾਮਾਬਾਦ: ਪਾਕਿਸਤਾਨ ਨੇ ਅੱਜ ਪੂਰਬੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਹਮਲੇ ’ਚ ਵਰਤਿਆ ਗਿਆ ਗ੍ਰਨੇਡ ਬਿਲਕੁਲ ਉਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਦਾ ਪਾਕਿਸਤਾਨੀ ਫੌਜ ਵੱਲੋਂ ਤਿਆਰ ਕੀਤਾ ਜਾਂਦਾ ਹੈ। ਪਾਕਿਸਤਾਨੀ ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ, ‘ਅਸੀਂ ਭਾਰਤ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦੇ ਹਾਂ। ਭਾਰਤ ਨੂੰ ਲਗਾਤਾਰ ਇਲਜ਼ਾਮਤਰਾਸ਼ੀ ਦੀ ਆਦਤ ਹੈ ਅਤੇ ਜਦੋਂ ਵੀ ਭਾਰਤ ’ਚ ਕੋਈ ਮਾੜੀ ਵਾਰਦਾਤ ਹੋਵੇ, ਇਸ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਉਨ੍ਹਾਂ (ਭਾਰਤ) ਦੀ ਆਦਤ ਬਣ ਚੁੱਕੀ ਹੈ।’