ਕਿਸਾਨਾਂ ਨੇ ਕਰਜ਼ਾ ਮੁਕਤੀ ਤੇ ਜ਼ਮੀਨੀ ਹੱਕਾਂ ਲਈ ਆਰੰਭਿਆ ਲੰਬਾ ਮਾਰਚ

ਆਦਿਵਾਸੀ ਕਬੀਲਿਆਂ ਨੂੰ ਸੋਕੇ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਅਤੇ ਜ਼ਮੀਨੀ ਅਧਿਕਾਰ ਦੇਣ ਦੇ ਹੱਕ ਵਿਚ ਅੱਜ ਹਜ਼ਾਰਾਂ ਕਿਸਾਨਾਂ ਤੇ ਆਦਿਵਾਸੀਆਂ ਨੇ ਠਾਣੇ ਤੋਂ ਮੁੰਬਈ ਤੱਕ ਦੋ ਦਿਨਾ ਮਾਰਚ ਆਰੰਭਿਆ ਹੈ। ਇਸ ਤੋਂ ਅੱਠ ਮਹੀਨੇ ਪਹਿਲਾਂ ਵੀ ਅਜਿਹਾ ਇਕ ਮਾਰਚ ਨਾਸਿਕ ਤੋਂ ਸ਼ੁਰੂ ਕੀਤਾ ਗਿਆ ਸੀ। ਮੈਗਸੈਸੇ ਐਵਾਰਡ ਜੇਤੂ ਤੇ ‘ਵਾਟਰਮੈਨ’ ਵਜੋਂ ਜਾਣੇ ਜਾਂਦੇ ਡਾ. ਰਜਿੰਦਰ ਸਿੰਘ ਵੀ ਮਾਰਚ ਕਰਨ ਵਾਲਿਆਂ ਦਾ ਸਾਥ ਦੇ ਰਹੇ ਹਨ। ਉਨ੍ਹਾਂ ਇਹ ਮਾਰਚ ਬੁੱਧਵਾਰ ਦੁਪਹਿਰ ਬਾਅਦ ਸ਼ੁਰੂ ਕੀਤਾ ਹੈ ਤੇ ਅੱਜ ਰਾਤ ਉਹ ਮੁੰਬਈ ਦੇ ਸੋਮੱਈਆ ਮੈਦਾਨ ਇਲਾਕੇ ਵਿਚ ਰੁਕਣਗੇ। ਮਾਰਚ ਵੀਰਵਾਰ ਸਵੇਰੇ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ਪੁੱਜੇਗਾ ਤੇ ਵਿਧਾਨ ਭਵਨ ਕੋਲ ਮੁਜ਼ਾਹਰੇ ਦੀ ਕੋਸ਼ਿਸ਼ ਕਰੇਗਾ। ਦੱਸਣਯੋਗ ਹੈ ਕਿ ਸੂਬੇ ਦਾ ਵਿਧਾਨ ਸਭਾ ਸੈਸ਼ਨ ਵੀ ਚੱਲ ਰਿਹਾ ਹੈ। ਇਸ ਮਾਰਚ ਵਿਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਠਾਣੇ, ਭੁਸਾਵਲ ਤੇ ਮਰਾਠਵਾੜਾ ਖਿੱਤਿਆਂ ਨਾਲ ਸਬੰਧਤ ਹਨ। ਕਿਸਾਨ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਲੋਕ ਸੰਘਰਸ਼ ਮੋਰਚਾ ਦੇ ਜਨਰਲ ਸਕੱਤਰ ਪ੍ਰਤਿਭਾ ਸ਼ਿੰਦੇ ਨੇ ਕਿਹਾ ਕਿ ਸਰਕਾਰ ਦਾ ਹੁੰਗਾਰਾ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਮੱਠਾ ਰਿਹਾ ਹੈ। ਇਸ ਲਈ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਯਕੀਨੀ ਬਣਾਇਆ ਜਾਵੇਗਾ ਕਿ ਮਾਰਚ ਕਾਰਨ ਮੁੰਬਈ ਦੇ ਲੋਕ ਪ੍ਰਭਾਵਿਤ ਨਾ ਹੋਣ। ਇਸ 180 ਕਿਲੋਮੀਟਰ ਲੰਮੇ ਮਾਰਚ ਵਿਚ ਖੱਬੇ ਪੱਖੀ ਜਥੇਬੰਦੀ ਆਲ ਇੰਡੀਆ ਕਿਸਾਨ ਸਭਾ ਦੇ ਝੰਡੇ ਹੇਠ ਵੀ ਹਜ਼ਾਰਾਂ ਕਿਸਾਨ ਸ਼ਾਮਲ ਹੋ ਰਹੇ ਹਨ। ਲਾਲ ਟੋਪੀਆਂ ਪਹਿਨੀ ਕਿਸਾਨਾਂ ਨੇ ਮੁੰਬਈ ਨੂੰ ਲਾਲ ਰੰਗ ਵਿਚ ਰੰਗ ਦਿੱਤਾ ਹੈ।