ਪੰਜਾਬ ਵਿੱਚ ਬੇਅਦਬੀ ਅਤੇ ਗੋਲੀ ਕਾਂਡ ਦੀ ਤਫ਼ਤੀਸ਼ ਲਈ ਕਾਇਮ ਕੀਤੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਸਵਾਲਾਂ ਦਾ ਜਵਾਬ ਦੇਣ ਲਈ ਬੌਲੀਵੁੱਡ ਵਿੱਚ ‘ਖਿਲਾੜੀਉਂ ਕੇ ਖਿਲਾੜੀ’ ਦੇ ਨਾਮ ਨਾਲ ਪ੍ਰਸਿੱਧ ਅਭਿਨੇਤਾ ਅਕਸ਼ੈ ਕੁਮਾਰ ਅੱਜ ਇੱਥੇ ਤਫ਼ਤੀਸ਼ ਲਈ ਪੇਸ਼ ਹੋਏ। ਅਕਸ਼ੈ ਕੁਮਾਰ ਬੌਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਪੁਲੀਸ ਅਫ਼ਸਰ ਅਤੇ ਸਿੱਖ ਨੌਜਵਾਨ ਦਾ ਕਿਰਦਾਰ ਨਿਭਾਅ ਚੁੱਕੇ ਹਨ ਅਤੇ ਹੁਣ ਡੇਰਾ ਮੁਖੀ ਨਾਲ ਮੁਲਾਕਾਤ ਦੇ ਸਬੰਧ ’ਚ ਚਰਚਾ ਵਿੱਚ ਹਨ। ‘ਸਿੱਟ’ ਵੱਲੋਂ ਤਲਬ ਕੀਤੇ ਜਾਣ ਮਗਰੋਂ ਉਹ ਪਹਿਲੀ ਵਾਰ ਪੁਲੀਸ ਅਧਿਕਾਰੀਆਂ ਸਾਹਮਣੇ ਗਵਾਹ ਵਜੋਂ ਪੇਸ਼ ਹੋਇਆ। ਪੁਲੀਸ ਸੂਤਰਾਂ ਮੁਤਾਬਕ ਅਕਸ਼ੈ ਕੁਮਾਰ ਸਿੱਟ ਮੈਂਬਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਪੂਰੇ ਆਤਮ ਵਿਸ਼ਵਾਸ ਨਾਲ ਦੇ ਰਿਹਾ ਸੀ ਪਰ ਉਹ ਅਸਹਿਜ ਵੀ ਮਹਿਸੂਸ ਕਰ ਰਿਹਾ ਸੀ। ਸਵੇਰੇ ਤਕਰੀਬਨ ਸਾਢੇ ਨੌਂ ਵਜੇ ਪਹੁੰਚੇ ਅਕਸ਼ੈ ਕੁਮਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸੰਤਪਾਲ ਸਿੰਘ ਸਿੱਧੂ ਦੀਆਂ ਸੇਵਾਵਾਂ ਲਈਆਂ। ਉਂਜ ਸਿੱਟ ਮੂਹਰੇ ਉਹ ਇਕੱਲੇ ਹੀ ਪੇਸ਼ ਹੋਏ। ਮਹੱਤਵਪੂਰਨ ਤੱਥ ਇਹ ਹੈ ਕਿ ਵਕੀਲ ਸੰਤਪਾਲ ਸਿੰਘ ਸਿੱਧੂ ਵੱਲੋਂ ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ’ਚ ਨਾਮਜ਼ਦ ਚਰਨਜੀਤ ਸ਼ਰਮਾ ਅਤੇ ਹੋਰ ਪੁਲੀਸ ਅਧਿਕਾਰੀਆਂ ਦੇ ਕੇਸਾਂ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪੈਰਵੀ ਕਰ ਰਹੇ ਹਨ।
ਅਕਸ਼ੈ ਕੁਮਾਰ ਸਾਢੇ 11 ਵਜੇ ਦੇ ਕਰੀਬ ਪੁਲੀਸ ਹੈੱਡਕੁਆਰਟਰ ਦੇ ਪਿਛਲੇ ਦਰਵਾਜ਼ਿਓਂ ਪੱਤਰਕਾਰਾਂ ਨੂੰ ਝਕਾਨੀ ਦੇ ਕੇ ਚਲਦੇ ਬਣੇ। ਉਹ ਮੁੰਬਈ ਤੋਂ ਚਾਰਟਿਡ ਜਹਾਜ਼ ਰਾਹੀਂ ਉਚੇਚੇ ਤੌਰ ’ਤੇ ਚੰਡੀਗੜ੍ਹ ਪਹੁੰਚੇ ਸਨ। ਪੁਲੀਸ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਤੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕਰਾਉਣ ਸਬੰਧੀ ਸਵਾਲ ਪੁੱਛੇ ਗਏ। ਅਕਸ਼ੈ ਕੁਮਾਰ ਨੇ ਪੁਲੀਸ ਅਧਿਕਾਰੀਆਂ ਨੂੰ ਕਿਹਾ ਕਿ ਡੇਰਾ ਮੁਖੀ ਨੂੰ ਉਹ ਤਾਂ ਅੱਜ ਤੱਕ ਮਿਲਿਆ ਹੀ ਨਹੀਂ ਸਗੋਂ ਸੁਖਬੀਰ ਬਾਦਲ ਨਾਲ ਵੀ ਪੰਜਾਬ ਤੋਂ ਬਾਹਰ ਕਦੇ ਮੁਲਾਕਾਤ ਨਹੀਂ ਹੋਈ ਹੈ। ਸਿੱਟ ਵਿੱਚ ਸ਼ਾਮਲ ਪੁਲੀਸ ਅਧਿਕਾਰੀਆਂ ਨੇ ਪੁੱਛ-ਗਿੱਛ ਸਬੰਧੀ ਕੋਈ ਵੀ ਖ਼ੁਲਾਸਾ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਾਂਚ ਮੁਕੰਮਲ ਹੋਣ ਤਕ ਕੁਝ ਵੀ ਮੀਡੀਆ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ। ਸੂਤਰਾਂ ਨੇ ਕਿਹਾ ਕਿ ਪੁਲੀਸ ਅਧਿਕਾਰੀਆਂ ਵੱਲੋਂ ਤਿੰਨ ਦਰਜਨ ਦੇ ਕਰੀਬ ਸਵਾਲ ਪੁੱਛੇ ਗਏ ਅਤੇ ਫਿਲਮ ਅਦਾਕਾਰ ਨੂੰ ਸਵਾਲਾਂ ਵਿੱਚ ਘੇਰਨ ਦਾ ਯਤਨ ਕੀਤਾ ਗਿਆ। ਸਿੱਟ ਵੱਲੋਂ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ। ਹੁਣ ਸਾਬਕਾ ਪੁਲੀਸ ਮੁਖੀ ਸੁਮੇਧ ਸਿੰਘ ਸੈਣੀ ਅਤੇ ਮੁੱਖ ਮੰਤਰੀ ਦਫ਼ਤਰ ਵਿੱਚ ਤਾਇਨਾਤ ਰਹੇ ਆਈਏਐਸ ਅਧਿਕਾਰੀਆਂ ਨੂੰ ਵੀ ਤਲਬ ਕੀਤੇ ਜਾਣ ਦੇ ਆਸਾਰ ਹਨ। ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਵੱਲੋਂ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਦੀ ਅਗਵਾਈ ਹੇਠ ਕਾਇਮ ਕੀਤੇ ਪੜਤਾਲੀਆ ਕਮਿਸ਼ਨ ਦੀ ਰਿਪੋਰਟ ਵਿੱਚ ਅਕਸ਼ੈ ਕੁਮਾਰ ਦਾ ਨਾਮ ਉਭਰ ਕੇ ਸਾਹਮਣੇ ਆਇਆ ਸੀ। ਕਮਿਸ਼ਨ ਦੀ ਰਿਪੋਰਟ ਮੁਤਾਬਕ ਅਕਸ਼ੈ ’ਤੇ ਡੇਰਾ ਸਿਰਸਾ ਦੇ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਮੁਆਫ਼ੀ ਤੋਂ ਪਹਿਲਾਂ ਮੁੰਬਈ ਵਿੱਚ ਡੇਰਾ ਮੁਖੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਮਿਆਨ ਮੀਟਿੰਗ ਕਰਾਉਣ ਦੇ ਦੋਸ਼ ਹਨ।
Entertainment ਬੇਅਦਬੀ ਕਾਂਡ: ਅਕਸ਼ੈ ਕੁਮਾਰ ਤੋਂ ਦੋ ਘੰਟੇ ਤੱਕ ਪੁੱਛ-ਪੜਤਾਲ