ਰਾਤ ੧੦ ਵਜੇ ਤੋਂ ਸਵੇਰ ੬ ਵਜੇ ਤੀਕ ਲਾਊਡ ਸਪੀਕਰਾਂ ਉੱਪਰ ਲੱਗੀ ਪਾਬੰਦੀ ਨੂੰ ਸਖ਼ਤੀ ਨਾਲ

ਅੰਮ੍ਰਿਤਸਰ- ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੂੰ ਵੱਖ ਵੱਖ ਪੱਤਰ ਲਿਖ ਕੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਰਾਤ ੧੦ ਵਜੇ ਤੋਂ ਸਵੇਰੇ ੬ ਵਜੇ ਤੀਕ ਲਾਊਡ ਸਪੀਕਰਾਂ ਉੱਪਰ ਲਾਈ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਸਮੇਤ ਰਾਜ ਦੇ ਸਾਰੇ ਥਾਣਿਆਂ ਦੇ ਮੁੱਖੀਆਂ ਨੂੰ ਹਦਾਇਤ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ ਕਿ ਉਹ ਆਪੋ ਆਪਣੇ ਇਲਾਕੇ ਦੇ ਧਾਰਮਿਕ ਸਥਾਨਾਂ ਨੂੰ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਿਖਤੀ ਰੂਪ ਵਿਚ ਨੋਟ ਕਰਵਾਉਣ ਕਿ ਉਹ ਰਾਤ ੧੦ ਵਜੇ ਤੋਂ ਸਵੇਰ ੬ ਵਜੇ ਤੀਕ ਲਾਉਡ ਸਪੀਕਰਾਂ ਦੀ ਵਰਤੋਂ ਨਹੀਂ ਕਰਨਗੇ । ਉਪਰੰਤ ਸਮੇਂ ਸਮੇਂ ਇਸ ਦੀ ਉਹ ਨਿਜੀ ਰੂਪ ਵਿਚ ਪੜਤਾਲ ਕਰਨ ਕਿ ਕੀ ਇਹ ਹੁਕਮ ਇੰਨ ਬਿੰਨ ਲਾਗੂ ਹਨ ਤੇ ਜਿਹੜੇ ਫਿਰ ਵੀ ਇਸ ਦੀ ਉਲੰਘਣਾ ਕਰਨ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਖੇਚਲ ਕਰਨ । ਵਰਣਨਯੋਗ ਹੈ ਕਿ ਬਹੁਤੇ ਧਾਰਮਿਕ ਸਥਾਨਾਂ ਵਾਲੇ ਸਵੇਰੇ ੪ ਵਜੇ ਲਾਊਡ ਸਪੀਕਰ ਚਲਾਉਣੇ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਲੋਕਾਂ ਦੀ ਨੀਂਦ ਖ਼ਰਾਬ ਹੁੰਦੀ ਹੈ ਤੇ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਵਿਘਨ ਪੈਂਦਾ ਹੈ।