ਬਠਿੰਡਾ- ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੀ ਚਿੱਟ ਫੰਡ ਕੰਪਨੀ ਦੇ ਐੱਮਡੀ ਦੀ ਪਤਨੀ ਨੂੰ ਬਠਿੰਡਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਕੰਪਨੀ ਵੱਲੋਂ ਭੇਡਾਂ ਬੱਕਰੀਆਂ ਦੀ ਖਰੀਦੋ ਫਰੋਖਤ ਦੇ ਨਾਮ ਹੇਠ ਲੋਕਾਂ ਨੂੰ ਥੋੜ੍ਹੇ ਦਿਨਾਂ ’ਚ ਕਰੋੜਪਤੀ ਬਣਾਉਣ ਦਾ ਝਾਂਸਾ ਦੇ ਕੇ ਠੱਗੀ ਮਾਰੀ ਗਈ ਸੀ। ਕੰਪਨੀ ਦੇ ਐੱਮਡੀ ਰਾਜਵਿੰਦਰ ਸਿੰਘ ਦੀ ਪਤਨੀ ਬੱਗੀ ਕੌਰ ਨੂੰ ਬਠਿੰਡਾ ਪੁਲੀਸ ਨੇ ਪੰਚਕੂਲਾ ਦੇ ਸੈਕਟਰ-25 ’ਚੋਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਿਵਲ ਲਾਈਨ ਪੁਲੀਸ ਨੇ ਜਸਵਿੰਦਰ ਕੌਰ ਵਾਸੀ ਫੂਲ ਦੀ ਸ਼ਕਾਇਤ ’ਤੇ ਕੰਪਨੀ ਦੇ ਐੱਮਡੀ ਰਾਜਵਿੰਦਰ ਸਿੰਘ, ਉਸ ਦੀ ਪਤਨੀ ਬੱਗੀ ਕੌਰ, ਸੁਖਪਾਲ ਸਿੰਘ ਵਾਸੀ ਬੀੜ ਤਲਾਬ ਅਤੇ ਰਿੰਕੂ ਕੇਅਰ ਆਫ ਟਰੁੱਥ ਵੇਅ ਐਗਰੋ ਇੰਡੀਆ ਲਿਮਟਿਡ ਘਨ੍ਹੱਈਆ ਨਗਰ ਖ਼ਿਲਾਫ਼ 19 ਅਪਰੈਲ 2018 ਨੂੰ ਧਾਰਾ420 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਸੀ। ਸ਼ਿਕਾਇਤ ਅਨੁਸਾਰ ਮੁਲਜ਼ਮਾਂ ਨੇ ਏ-ਵਨ ਫਾਰਮਿੰਗ ਇੰਡੀਆ ਲਿਮਟਿਡ ਅਤੇ ਟਰੁੱਥ ਵੇਅ ਐਗਰੋ ਇੰਡੀਆ ਲਿਮਟਿਡ ਕੰਪਨੀਆਂ ਬਣਾ ਕੇ ਬੈਂਕਾਂ ਨਾਲੋਂ ਵੱਧ ਵਿਆਜ ਦਾ ਝਾਂਸਾ ਦੇ ਕੇ ਅਤੇ ਫਰਜ਼ੀ ਰਸੀਦਾਂ ਰਾਹੀਂ ਦੋ ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਦਸੰਬਰ 2017 ’ਚ ਇਸ ਕੰਪਨੀ ਤੋਂ ਪੀੜਤ ਦਰਜਨਾਂ ਪਰਿਵਾਰਾਂ ਨੇ ਐੱਸਐੱਸਪੀ ਬਠਿੰਡਾ ਨੂੰ ਮਿਲ ਕੇ ਕੰਪਨੀ ਦੇ ਐੱਮਡੀ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਸਬੰਧੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ।
ਚਿੱਟ ਫੰਡ ਕੰਪਨੀ ਤੋਂ ਪੀੜਤ ਲੋਕਾਂ ਦੀ ਲੜਾਈ ਲੜੀ ਰਹੀ ‘ਇਨਸਾਫ ਦੀ ਲਹਿਰ’ ਜਥੇਬੰਦੀ ਦੇ ਚੇਅਰਮੈਨ ਗੁਰਭੇਜ ਸਿੰਘ ਸੰਧੂ ਤੇ ਸੂਬਾ ਪ੍ਰਧਾਨ ਦਰਸ਼ਨਾ ਜੋਸ਼ੀ ਨੇ ਦੱਸਿਆ ਕਿ ਇਸ ਕੰਪਨੀ ਵੱਲੋਂ ਪੰਜਾਬ ਭਰ ਵਿੱਚ 7 ਕਰੋੜ ਰੁਪਏ ਤੋਂ ਵੱਧ ਦੀ ਲੋਕਾਂ ਨਾਲ ਠੱਗੀ ਮਾਰੀ ਗਈ ਹੈ, ਜਿਸ ਵਿੱਚ ਇਕੱਲੇ ਬਠਿੰਡਾ ਜ਼ਿਲ੍ਹੇ ਦਾ 2 ਕਰੋੜ ਰੁਪਏ ਹਨ। ਸੰਧੂ ਨੇ ਦੱਸਿਆ ਕਿ ਇਹ ਕੰਪਨੀ 24 ਫੀਸਦੀ ਤੱਕ ਦਾ ਵਿਆਜ ਦੇਣ ਦਾ ਲਾਲਚ ਦੇ ਕੇ ਲੋਕਾਂ ਨੂੰ ਕੰਪਨੀ ਵਿੱਚ ਪੈਸਾ ਲਗਾਉਣ ਲਈ ਉਤਸ਼ਾਹਿਤ ਕਰਦੀ ਸੀ ਤੇ ਪਿਛਲੇ ਦੋ ਕਰੀਬ ਦੋ ਸਾਲ ਤੋਂ ਇਹ ਕੰਪਨੀਆਂ ਆਪਣੇ ਦਫਤਰ ਬੰਦ ਕਰਕੇ ਲੋਕਾਂ ਦਾ ਪੈਸਾ ਲੈ ਕੇ ਫਰਾਰ ਹੋ ਗਈਆਂ। ਉਨ੍ਹਾਂ ਦੱਸਿਆ ਕਿ ਕੰਪਨੀਆਂ ਦੇ ਮਾਲਕ ਰਾਜਵਿੰਦਰ ਸਿੰਘ ਵਾਸੀ ਬਠਿੰਡਾ, ਉਸ ਦੀ ਪਤਨੀ ਬੱਗੀ ਕੌਰ, ਰਿੰਕੂ ਸਿੰਘ ਤੇ ਸੁਖਪਾਲ ਸਿੰਘ ਖ਼ਿਲਾਫ਼ ਧੋਖਾਧੜੀ ਦੇ ਚਾਰ ਕੇਸ ਦਰਜ ਹਨ। ਰਾਜਵਿੰਦਰ ਸਿੰਘ ਸਮੇਤ ਬਾਕੀ ਮੁਲਜ਼ਮ ਰੂਪੋਸ਼ ਹਨ।
INDIA ਕਰੋੜਪਤੀ ਬਣਾਉਣ ਦਾ ਝਾਂਸਾ ਦੇਣ ਵਾਲੀ ਕੰਪਨੀ ਦੇ ਐੱਮਡੀ ਦੀ ਪਤਨੀ ਕਾਬੂ