ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਦੇ ਇਕ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਯਸ਼ਪਾਲ ਸਿੰਘ (55) ਨੂੰ ਫਾਂਸੀ ਤੇ ਉਸ ਦੇ ਸਾਥੀ ਨਰੇਸ਼ ਸਹਿਰਾਵਤ (59) ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਜਾਂਚ ਟੀਮ ਵੱਲੋਂ ਦਰਜ ਕੀਤੇ ਗਏ 5 ਮਾਮਲਿਆਂ ਵਿੱਚ ਪਹਿਲੇ ਮੁਕੱਦਮੇ ਵਿੱਚ ਇਹ ਸਜ਼ਾ ਦਿੱਤੀ ਗਈ ਹੈ ਤੇ ਅਦਾਲਤ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ 1984 ਵਿੱਚ ਜੋ ਹੋਇਆ ਉਹ ਬੇਹੱਦ ਬਰਬਰਤਾ ਪੂਰਨ ਸੀ।ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ 35-35 ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ ਜੋ ਪੀੜਤ ਪਰਿਵਾਰਾਂ ਦੇ ਵਾਰਸਾਂ ਨੂੰ ਦੇਣ ਦੇ ਹੁਕਮ ਦਿੱਤੇ ਗਏ ਹਨ। ਇਸ ਕੇਸ ਦਾ ਫ਼ੈਸਲਾ ਕੱਲ੍ਹ ਤਿਹਾੜ ਜੇਲ੍ਹ ਵਿਚ ਸੁਣਾ ਦਿੱਤਾ ਗਿਆ ਕਿਉਂਕਿ ਦਿੱਲੀ ਪੁਲੀਸ ਨੇ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਖਲ ਕਰ ਕੇ ਕਿਹਾ ਸੀ ਕਿ ਸੁਰੱਖਿਆ ਕਾਰਨਾਂ ਕਰ ਕੇ ਮੁਲਜ਼ਮਾਂ ਨੂੰ ਅਦਾਲਤੀ ਅਹਾਤੇ ਵਿਚ ਨਹੀਂ ਲਿਆਂਦਾ ਜਾ ਸਕਦਾ। ਸਿੱਟ ਦੇ ਗਠਨ ਤੋਂ ਬਾਅਦ ਇਹ ਪਹਿਲਾ ਕੇਸ ਹੈ ਜਿਸ ਵਿਚ ਟ੍ਰਾਿੲਲ ਕੋਰਟ ਨੇ ਫ਼ਾਂਸੀ ਦੀ ਸਜ਼ਾ ਸੁਣਾਈ ਹੈ ਜਦਕਿ ਇਸ ਤੋਂ ਪਹਿਲਾਂ ਸਿੱਖਕਤਲੇਆਮ ਦੇ ਸੱਤ ਕੇਸਾਂ ਵਿਚ ਟ੍ਰਾਇਲ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਦਿੱਲੀ ਹਾਈ ਕੋਰਟ ਨੇ ਸਿਰਫ ਤਿੰਨ ਕੇਸਾਂ ਵਿਚ ਫ਼ਾਂਸੀ ਦੀ ਸਜ਼ਾ ਦੀ ਪੁਸ਼ਟੀ ਕੀਤੀ ਹੈ ਤੇ ਬਾਕੀ ਚਾਰ ਕੇਸਾਂ ਵਿਚ ਸੁਪਰੀਮ ਕੋਰਟ ਨੇ ਸਜ਼ਾ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਸੀ। ਵਧੀਕ ਸੈਸ਼ਨ ਜੱਜ ਅਜੈ ਪਾਂਡੇ ਵੱਲੋਂ ਸੁਰੱਖਿਆ ਕਾਰਨਾਂ ਕਰ ਕੇ ਪਟਿਆਲਾ ਹਾਊਸ ਦੇ ਆਪਣੇ 37 ਨੰਬਰ ਕਮਰੇ ਦੀ ਥਾਂ ਤਿਹਾੜ ਜੇਲ੍ਹ ਵਿਚ ਸਜ਼ਾ ਸੁਣਾਈ ਗਈ। ਅਦਾਲਤ ਨੇ 14 ਨਵੰਬਰ ਨੂੰ ਦੋਵਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਨ੍ਹਾਂ ’ਤੇ ਸਿੱਖ ਕਤਲੇਆਮ ਦੌਰਾਨ ਹਰਦੇਵ ਸਿੰਘ (24 ਸਾਲ) ਤੇ ਅਵਤਾਰ ਸਿੰਘ (26 ਸਾਲ) ਨਾਂ ਦੇ ਦੋ ਸਿੱਖਾਂ ਨੂੰ ਮਹੀਪਾਲਪੁਰ ਵਿਖੇ ਕਤਲ ਕਰਨ ਦੇ ਦੋਸ਼ ਸਾਬਤ ਹੋਏ ਸਨ। ਹਰਦੇਵ ਸਿੰਘ ਦੇ ਭਰਾ ਸੰਤੋਖ ਸਿੰਘ ਨੇ ਸ਼ਿਕਾਇਤ ਕੀਤੀ ਸੀ ਪਰ ਦਿੱਲੀ ਪੁਲੀਸ ਨੇ 1994 ਵਿੱਚ ਮੁਕੱਦਮਾ ਬੰਦ ਕਰ ਦਿੱਤਾ ਸੀ। ਅਦਾਲਤ ਨੇ ਬਾਹਰ ਨਵੰਬਰ ‘84 ਦੇ ਪੀੜਤਾਂ ਸਮੇਤ ਸਿੱਖ ਆਗੂ ਵੀ ਪੁੱਜੇ ਹੋਏ ਸਨ। ਅਦਾਲਤ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਤੇ ਦਿੱਲੀ ਪੁਲੀਸ ਦਾ ਕਮਾਂਡੋ ਦਸਤਾ ਵੀ ਤਾਇਨਾਤ ਕੀਤਾ ਗਿਆ ਸੀ। ਵਕੀਲ ਐੱਚਐੱਸ ਫੂਲਕਾ ਨੇ ਕਿਹਾ ਕਿ ਇਹ ਅਹਿਮ ਫ਼ੈਸਲਾ ਹੈ ਤੇ ਸਿੱਖ ਆਗੂਆਂ ਨੂੰ ਉਮੀਦ ਹੈ ਕਿ ਹੋਰ ਮਾਮਲਿਆਂ ਵਿੱਚ ਵੀ ਪੀੜਤਾਂ ਨੂੰ ਨਿਆਂ ਮਿਲੇਗਾ। ਦਿੱਲੀ ਵਿੱਚ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ 650 ਦੇ ਕਰੀਬ ਮੁਕੱਦਮੇ ਦਰਜ ਹੋਏ ਸਨ, 267 ਬੰਦ ਕਰ ਦਿੱਤੇ ਗਏ ਪਰ ਸੀਬੀਆਈ ਨੇ ਇਨ੍ਹਾਂ ਵਿੱਚੋਂ 5 ਮੁਕੱਦਮੇ ਮੁੜ ਖੋਲ੍ਹੇ। ਵਿਸ਼ੇਸ਼ ਜਾਂਚ ਟੀਮ ਨੇ ਵੀ 18 ਮਾਮਲੇ ਮੁੜ ਖੋਲ੍ਹੇ ਤੇ 60 ਮਾਮਲੇ ਅਜਿਹੇ ਪਾਏ ਗਏ ਜਿਨ੍ਹਾਂ ਦੀ ਅੱਗੇ ਜਾਂਚ ਕੀਤੀ ਜਾ ਸਕਦੀ ਸੀ। ਐੱਸਆਈਟੀ ਨੇ ਪਿਛਲੇ ਡੇਢ ਸਾਲ ਦੌਰਾਨ 52 ਮਾਮਲਿਆਂ ਨੂੰ ਅਣਲੱਭੇ ਕਰਾਰ ਦਿੱਤਾ। ਬਾਕੀ 8 ਮਾਮਲਿਆਂ ਦੀ ਜਾਂਚ ਹੋ ਰਹੀ ਹੈ, 5 ਦੀ ਚਾਰਜਸ਼ੀਟ ਦਾਖ਼ਲ ਹੋ ਚੁੱਕੀ ਹੈ ਤੇ 3 ਮਾਮਲੇ ਜਿਨ੍ਹਾਂ ਵਿੱਚ ਸੱਜਣ ਕੁਮਾਰ ਨਾਮਜ਼ਦ ਹੈ, ਦੀ ਜਾਂਚ ਲਟਕੀ ਪਈ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਨਰੇਸ਼ ਸਹਿਰਾਵਤ ਦੀ ਉਮਰ ਕੈਦ ਦੀ ਸਜ਼ਾ ਨੂੰ ਵਧਾਉਣ ਲਈ ਹੇਠਲੀ ਅਦਾਲਤ ਦੇ ਫ਼ੈਸਲੇ ਨੂੂੰ ਚੁਣੌਤੀ ਦਿੱਤੀ ਜਾਵੇਗੀ। ਉਨ੍ਹਾਂ ਅਦਾਲਤੀ ਫ਼ੈਸਲੇ ‘ਤੇ ਸੰਤੁਸ਼ਟੀ ਪ੍ਰਗਟਾਈ ਤੇ ਕਿਹਾ ਕਿ 34 ਸਾਲ ਬਾਅਦ ਫ਼ੈਸਲਾ ਆਉਣ ਨਾਲ ਗਵਾਹਾਂ ਦਾ ਹੌਸਲਾ ਵਧੇਗਾ। ਉਂਜ ਸਿਰਸਾ ਜਿਸ ਨੇ ਜੱਜ ਦੇ ਕਮਰੇ ਦੇ ਬਾਹਰ ਇਕ ਦੋਸ਼ੀ ਨੂੰ ਥੱਪੜ ਮਾਰਿਆ ਸੀ, ਨੂੰ ਪਟਿਆਲਾ ਹਾਊਸ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀ ਇਸ ਫ਼ੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਦਿੱਲੀ ਕਮੇਟੀ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ। ਦਿੱਲੀ ਕਮੇਟੀ ਦੇ ਆਜ਼ਾਦ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਚਾਹੇ ਦੇਰ ਨਾਲ ਹੀ ਸਹੀ ਸਿੱਖਾਂ ਨੂੰ ਇਨਸਾਫ਼ ਮਿਲਣ ਦੀ ਉਮੀਦ ਬੱਝੀ ਹੈ।
INDIA ਸਿੱਖ ਕਤਲੇਆਮ: ਇੱਕ ਨੂੰ ਫਾਂਸੀ, ਦੂਜੇ ਨੂੰ ਉਮਰ ਕੈਦ