ਸਚਿਨ ਪਾਇਲਟ ਖ਼ਿਲਾਫ਼ ਭਾਜਪਾ ਦੇ ਯੂਨਸ ਖਾਨ ਮੈਦਾਨ ਵਿੱਚ

ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 15 ਮੁਸਲਿਮ ਉਮੀਦਵਾਰ ਮੈਦਾਨ ’ਚ ਉਤਾਰੇ ਹਨ ਜਦਕਿ ਭਾਜਪਾ ਨੇ ਸਿਰਫ਼ ਇੱਕ ਮੁਸਲਿਮ ਉਮੀਦਵਾਰ ਮੈਦਾਨ ’ਚ ਉਤਾਰਿਆ ਹੈ। ਭਾਜਪਾ ਨੇ ਸੂਬੇ ਦੇ ਆਵਾਜਾਈ ਮੰਤਰੀ ਯੂਨਸ ਖਾਨ ਨੂੰ ਟੌਂਕ ਹਲਕੇ ਤੋਂ ਟਿਕਟ ਦਿੱਤੀ ਹੈ ਜਿੱਥੋਂ ਕਾਂਗਰਸ ਦੇ ਸੂਬਾ ਪ੍ਰਧਾਨ ਸਚਿਨ ਪਾਇਲਟ ਮੈਦਾਨ ਵਿੱਚ ਹਨ। ਯੂਨਸ ਖਾਨ ਦੀਦਵਾਨਾ ਹਲਕੇ ਤੋਂ ਵਿਧਾਇਕ ਹਨ। ਉਨ੍ਹਾਂ ਨੂੰ ਪਾਰਟੀ ਨੇ ਹੁਣ ਤੱਕ ਰਾਖਵਾਂ ਰੱਖਿਆ ਹੋਇਆ ਸੀ। ਕਾਂਗਰਸ ਨੇ ਜਿਵੇਂ ਹੀ ਸਚਿਨ ਪਾਇਲਟ ਨੂੰ ਮੁਸਲਿਮ ਬਹੁ ਗਿਣਤੀ ਵਾਲੇ ਹਲਕੇ ਤੋਂ ਚੋਣ ਮੈਦਾਨ ’ਚ ਉਤਾਰਿਆ, ਭਾਜਪਾ ਨੇ ਉਨ੍ਹਾਂ ਖ਼ਿਲਾਫ਼ ਯੂਨਸ ਖਾਨ ਨੂੰ ਟਿਕਟ ਦੇ ਦਿੱਤੀ। ਪਹਿਲਾਂ ਇੱਥੋਂ ਦੇ ਹੀ ਵਿਧਾਇਕ ਅਜੀਤ ਸਿੰਘ ਮਹਿਤਾ ਨੂੰ ਟਿਕਟ ਦਿੱਤੀ ਜਾਣੀ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਵੀ ਕਾਂਗਰਸ ਨੇ 15 ਮੁਸਲਿਮ ਉਮੀਦਵਾਰ ਹੀ ਖੜ੍ਹੇ ਕੀਤੇ ਸਨ, ਪਰ ਸਾਰਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ ਭਾਜਪਾ ਦੇ ਚਾਰ ਮੁਸਲਿਮ ਉਮੀਦਵਾਰਾਂ ’ਚੋਂ ਦੋ ਦੀ ਜਿੱਤ ਹੋਈ ਸੀ। ਕਾਂਗਰਸ ਨੇ ਤਿੰਨ ਮੁਸਲਿਮ ਮਹਿਲਾ ਉਮੀਦਵਾਰਾਂ ਨੂੰ ਵੀ ਟਿਕਟ ਦਿੱਤੀ ਹੈ। ਰਾਜਸਥਾਨ ਚੋਣਾਂ ਲਈ ਭਾਜਪਾ ਤੇ ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ ਵਿੱਚ ਵੱਡੀ ਗਿਣਤੀ ’ਚ ਡਾਕਟਰ ਸ਼ਾਮਲ ਹਨ, ਜਿਨ੍ਹਾਂ ’ਚੋਂ ਕਈ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਵੀ ਹਨ। ਇਸ ਵਾਰ ਦੀਆਂ ਚੋਣਾਂ ਦੇ ਉਮੀਦਵਾਰਾਂ ’ਚ ਡਾਕਟਰਾਂ ਦੀ ਗਿਣਤੀ 19 ਹੈ, ਜਿਨ੍ਹਾਂ ’ਚੋਂ 11 ਕਾਂਗਰਸ ਤੇ 7 ਭਾਜਪਾ ਨਾਲ ਸਬੰਧਤ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਡਾਕਟਰ ਉਮੀਦਵਾਰਾਂ ਦੀ ਗਿਣਤੀ 15 ਦੇ ਕਰੀਬ ਸੀ।