ਸੂਹ ਦੇਣ ਵਾਲੇ ਨੂੰ 50 ਲੱਖ ਦਾ ਇਨਾਮ ਦੇਣ ਦਾ ਐਲਾਨ;
ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ
ਰਾਜਾਸਾਂਸੀ ਨੇੜੇ ਪਿੰਡ ਅਦਲੀਵਾਲ ਵਿੱਚ ਨਿਰੰਕਾਰੀ ਭਵਨ ’ਚ ਹੋਏ ਗ੍ਰਨੇਡ ਹਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਆਰੰਭ ਦਿੱਤੀ ਹੈ। ਏਜੰਸੀ ਦੇ ਅਧਿਕਾਰੀਆਂ ਨੇ ਅੱਜ ਲਗਪਗ ਪੰਜ ਘੰਟੇ ਘਟਨਾ ਸਥਾਨ ’ਤੇ ਬਿਤਾਏ ਅਤੇ ਵਰਤੇ ਗਏ ਹੈਂਡ ਗ੍ਰਨੇਡ ਦੇ ਕੁਝ ਹਿੱਸੇ ਇਕੱਤਰ ਕੀਤੇ। ਉਧਰ ਹਮਲੇ ਤੋਂ 24 ਘੰਟੇ ਮਗਰੋਂ ਵੀ ਪੁਲੀਸ ਨੂੰ ਹਮਲਾਵਰਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ। ਉਂਜ ਪੁਲੀਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕੱਲ੍ਹ ਵਾਪਰੀ ਇਸ ਘਟਨਾ ਦੀ ਜਾਂਚ ਲਈ ਐਨਆਈਏ ਟੀਮ ਦੇ ਮੈਂਬਰ ਬੀਤੀ ਦੇਰ ਰਾਤ ਹੀ ਇਥੇ ਪੁੱਜ ਗਏ ਸਨ। ਟੀਮ ਵਿਚ ਨਵੀਂ ਦਿੱਲੀ ਅਤੇ ਜੰਮੂ-ਕਸ਼ਮੀਰ ਦੇ ਕੁਝ ਅਧਿਕਾਰੀ ਵੀ ਸ਼ਾਮਲ ਹਨ, ਜਿਨ੍ਹਾਂ ਬਾਰੀਕੀ ਨਾਲ ਘਟਨਾ ਸਥਾਨ ਦੀ ਜਾਂਚ ਕੀਤੀ। ਟੀਮ ਨੂੰ ਮੌਕੇ ਤੋਂ ਹੈਂਡ ਗ੍ਰਨੇਡ ਦੇ ਕੁਝ ਹਿੱਸੇ ਮਿਲੇ ਹਨ, ਜਿਨ੍ਹਾਂ ਨੂੰ ਜਾਂਚ ਅਧਿਕਾਰੀਆਂ ਨੇ ਅਗਲੇਰੀ ਜਾਂਚ ਵਾਸਤੇ ਰੱਖ ਲਿਆ ਹੈ। ਜਾਣਕਾਰੀ ਮੁਤਾਬਕ ਹਮਲਾਵਰਾਂ ਵਲੋਂ ਐਚਈ 84 ਵਰਗਾ ਹੈਂਡ ਗ੍ਰਨੇਡ ਹਮਲੇ ਲਈ ਵਰਤਿਆ ਗਿਆ ਹੈ। ਅਜਿਹਾ ਹੈਂਡ ਗ੍ਰਨੇਡ ਅਤੇ ਇਕ ਪਿਸਤੌਲ ਕੁਝ ਦਿਨ ਪਹਿਲਾਂ ਪੁਲੀਸ ਵਲੋਂ ਪਟਿਆਲਾ ਵਿਚੋਂ ਫੜੇ ਗਏ ਸਿੱਖ ਨੌਜਵਾਨਾਂ ਕੋਲੋਂ ਮਿਲਿਆ ਸੀ। ਇਹ ਨੌਜਵਾਨ 2020 ਰੈਫਰੈਂਡਮ ਦੇ ਪ੍ਰਚਾਰਕ ਸਨ। ਐਨਆਈਏ ਟੀਮ ਇਸ ਗ੍ਰਨੇਡ ਹਮਲੇ ਨੂੰ ਹਾਲ ਹੀ ਵਿਚ ਜੰਮੂ-ਕਸ਼ਮੀਰ ਵਿੱਚ ਹੋਏ ਗ੍ਰਨੇਡ ਹਮਲਿਆਂ ਨਾਲ ਵੀ ਜੋੜ ਕੇ ਵੇਖ ਰਹੀ ਹੈ। ਜਾਂਚ ਟੀਮ ਨੂੰ ਇਸ ਹਮਲੇ ਵਿੱਚ ਕਸ਼ਮੀਰੀ ਦਹਿਸ਼ਤਗਰਦਾਂ ਦੀ ਸ਼ਮੂਲੀਅਤ ਦਾ ਖ਼ਦਸ਼ਾ ਹੈ। ਇਸ ਦੌਰਾਨ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ, ਦਿਨਕਰ ਗੁਪਤਾ ਤੇ ਹੋਰ ਪੁਲੀਸ ਅਧਿਕਾਰੀਆਂ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਫਿਲਹਾਲ ਇਸ ਮਾਮਲੇ ਵਿਚ ਪੁਲੀਸ ਅਤੇ ਜਾਂਚ ਟੀਮ ਨੇ ਚੁੱਪ ਧਾਰੀ ਹੋਈ ਹੈ। ਪੁਲੀਸ ਅਧਿਕਾਰੀਆਂ ਨੇ ਆਖਿਆ ਕਿ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਉਧਰ ਥਾਣਾ ਰਾਜਾਸਾਂਸੀ ਪੁਲੀਸ ਨੇ ਨਿਰੰਕਾਰੀ ਭਵਨ ਦੇ ਸੇਵਾਦਾਰ ਅਰਜੁਨ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਹਮਲਾਵਰਾਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਦੋ ਵਿਅਕਤੀਆਂ ਦੇ ਸਕੈੱਚ ਵਾਇਰਲ ਹੋਣ ਮਗਰੋਂ ਐਸਐਸਪੀ ਪਰਮਪਾਲ ਸਿੰਘ ਨੇ ਆਖਿਆ ਕਿ ਪੁਲੀਸ ਨੇ ਅਜਿਹਾ ਕੋਈ ਸਕੈੱਚ ਜਾਰੀ ਨਹੀਂ ਕੀਤਾ ਹੈ।
INDIA ਗ੍ਰਨੇਡ ਹਮਲਾ: ਐਨਆਈਏ ਨੇ ਜਾਂਚ ਦੀ ਕਮਾਨ ਸੰਭਾਲੀ