ਏਪੈੱਕ ਸੰਮੇਲਨ ਸ਼ੀ ਤੇ ਪੈਂਸ ਦੀਆਂ ਤਕਰੀਰਾਂ ਭੇਟ ਚੜ੍ਹਿਆ

ਏਸ਼ੀਆ-ਪ੍ਰਸ਼ਾਂਤ ਖਿੱਤੇ ’ਚ ਆਰਥਿਕ ਸਹਿਯੋਗ (ਏਪੈੱਕ) ਨਾਲ ਸਬੰਧਤ 21 ਮੁਲਕਾਂ ਦੀ ਸ਼ਮੂਲੀਅਤ ਵਾਲਾ ਸਿਖਰ ਸੰਮੇਲਨ ਅਮਰੀਕਾ ਤੇ ਚੀਨ ਵਿਚਾਲੇ ਵਣਜ ਦੀ ਸਰਦਾਰੀ ਨੂੰ ਲੈ ਕੇ ਛਿੜੀ ਸ਼ਬਦੀ ਜੰਗ ਦੀ ਭੇਟ ਚੜ੍ਹ ਗਿਆ। ਦੋ ਆਲਮੀ ਤਾਕਤਾਂ ਦਰਮਿਆਨ ਜਾਰੀ ਰੇੜਕੇ ਕਾਰਨ ਸੰਮੇਲਨ ’ਚ ਸ਼ਾਮਲ ਮੁਲਕ ਵਧਦੇ ਖੱਪੇ ਨੂੰ ਪੂਰਨ ਵਿੱਚ ਨਾਕਾਮ ਰਹੇ। ਵਣਜ ਨੀਤੀ ਨੂੰ ਲੈ ਕੇ ਜਾਰੀ ਵਖਰੇਵਿਆਂ ਦਰਮਿਆਨ ਇਤਿਹਾਸ ਵਿੱਚ ਪਹਿਲੀ ਵਾਰ ਏਪੈੱਕ ਸਮੂਹ ਦੇ ਆਗੂ ਰਸਮੀ ਲਿਖਤੀ ਐਲਾਨਨਾਮੇ ਨੂੰ ਲੈ ਕੇ ਸਹਿਮਤੀ ਬਣਾਉਣ ਵਿੱਚ ਨਾਕਾਮ ਰਹੇ। ਪਪੂਆ ਨਿਊ ਗਿਨੀ ਵਿੱਚ ਪਹਿਲੀ ਵਾਰ ਵਿਉਂਤਿਆਂ ਇਹ ਸਾਲਾਨਾ ਇਕੱਠ ਚੀਨੀ ਸਦਰ ਸ਼ੀ ਜਿਨਪਿੰਗ ਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਵੱਲੋਂ ਕੀਤੀਆਂ ਤਕਰੀਰਾਂ ਦੀ ਭੇਟ ਚੜ੍ਹ ਗਿਆ। ਦੋਵਾਂ ਆਗੂਆਂ ਨੇ ਤਕਰੀਰ ਦੌਰਾਨ ਖਿੱਤੇ ਵਿੱਚ ਆਪਣੇ ਦਾਬੇ ਸਬੰਧੀ ਇਕ ਦੂਜੇ ਨਾਲੋਂ ਵਧ ਚੜ੍ਹ ਕੇ ਦਾਅਵੇ ਕੀਤੇ। ਪੈਂਸ ਨੇ ਚਿਤਾਵਨੀ ਦਿੱਤੀ ਕਿ ਛੋਟੇ ਮੁਲਕ ਚੀਨ ਦੇ ਬੁਨਿਆਦੀ ਢਾਂਚੇ ਨਾਲ ਸਬੰਧਤ ਪ੍ਰਾਜੈਕਟ ‘ਇਕ ਰੋਡ ਇਕ ਪੱਟੀ’ ਨਾਲ ਕੁਰਾਹੇ ਨਾ ਪੈਣ। ਉਨ੍ਹਾਂ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ ਨਾਲ ਜੁੜਨ ਕਿਉਂਕਿ ਉਹ ਆਪਣੇ ਭਾਈਵਾਲਾਂ ਨੂੰ ‘ਕਰਜ਼ ਦੇ ਸਮੁੰਦਰ ’ਚ ਨਹੀਂ ਡੋਬਦਾ’। ਉਧਰ ਸ਼ੀ ਨੇ ਪੈਂਸ ਤੋਂ ਪਹਿਲਾਂ ਕਾਰੋਬਾਰੀ ਆਗੂਆਂ ਨੂੰ ਸੰਬੋਧਨ ’ਚ ਜ਼ੋਰ ਦਿੰਦਿਆਂ ਕਿਹਾ ਕਿ ‘ਇਕ ਪੱਟੀ ਇਕ ਰੋਡ’ ਪ੍ਰਾਜੈਕਟ ‘ਕੁੜਿੱਕੀ’ ’ਚ ਫਸਾਉਣ ਦਾ ਯਤਨ ਨਹੀਂ ਤੇ ਨਾ ਹੀ ਇਸ ਪਿੱਛੇ ਕੋਈ ‘ਲੁਕਵਾਂ ਏਜੰਡਾ’ ਹੈ। ਸ਼ੀ ਨੇ ਵਣਜ ਨੂੰ ਲੈ ਕੇ ‘ਅਮਰੀਕਾ ਫਸਟ’ ਦੇ ਸੱਦੇ ਦੀ ਨੁਕਤਾਚੀਨੀ ਕਰਦਿਆਂ ਇਸ ਨੂੰ ‘ਸੌੜੀ ਸੋਚ’ ਦੱਸਿਆ। ਇਥੇ ਦੱਸਣਾ ਬਣਦਾ ਹੈ ਕਿ ਅਮਰੀਕੀ ਸਦਰ ਡੋਨਲਡ ਟਰੰਪ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਵੱਲੋਂ ਸਿਖਰ ਸੰਮੇਲਨ ਤੋਂ ਲਾਂਭੇ ਹੋਣ ਕਰਕੇ ਸਾਰਾ ਧਿਆਨ ਸ਼ੀ ਵੱਲ ਕੇਂਦਰਤ ਰਿਹਾ ਦੋ ਦਿਨ ਪਹਿਲਾਂ ਹੀ ਇਥੇ ਪੁੱਜ ਗਏ ਸਨ।