1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਲੌਂਗੇਵਾਲਾ ਦੀ ਲੜਾਈ ਦੇ ਨਾਇਕ ਬ੍ਰਿਗੇਡੀਅਰ ਸੇਵਾਮੁਕਤ ਕੁਲਦੀਪ ਸਿੰਘ ਚਾਂਦਪੁਰੀ (78) ਦਾ ਅੱਜ ਮੁਹਾਲੀ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਬ੍ਰਿਗੇਡੀਅਰ ਚਾਂਦਪੁਰੀ ਕੈਂਸਰ ਤੋਂ ਪੀੜਤ ਸਨ ਤੇ ਪਿੱਛੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਤੇ ਤਿੰਨ ਪੁੱਤਰ ਹਨ। ਲੌਂਗੇਵਾਲਾ ਰਾਜਸਥਾਨ ਦੇ ਥਾਰ ਰੇਗਿਸਤਾਨ ਵਿਚ ਇਕ ਸਰਹੱਦੀ ਚੌਕੀ ਹੈ ਜਿੱਥੇ ਮੇਜਰ ਚਾਂਦਪੁਰੀ ਨੇ ਮੁੱਠੀ ਭਰ ਫ਼ੌਜੀਆਂ ਨਾਲ ਪਾਕਿਸਤਾਨ ਦੇ ਵੱਡੇ ਫ਼ੌਜੀ ਹਮਲੇ ਨੂੰ ਨਾਕਾਮ ਬਣਾ ਦਿੱਤਾ ਸੀ। ਉਨ੍ਹਾਂ ਨੂੰ ਲੌਂਗੇਵਾਲਾ ਦੀ ਲੜਾਈ ਵਿਚ ਦਿਖਾਏ ਅਦੁੱਤੀ ਸਾਹਸ ਬਦਲੇ ਮਹਾਵੀਰ ਚੱਕਰ ਮਿਲਿਆ ਸੀ। 1997 ਵਿਚ ਲੌਂਗੇਵਾਲਾ ਦੀ ਲੜਾਈ ਦੇ ਬਿਰਤਾਂਤ ’ਤੇ ਫਿਲਮ ‘ਬਾਰਡਰ’ ਬਣੀ ਸੀ ਜਿਸ ਵਿਚ ਅਦਾਕਾਰ ਸਨੀ ਦਿਓਲ ਨੇ ਬ੍ਰਿਗੇਡੀਅਰ ਚਾਂਦਪੁਰੀ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦਾ ਸਸਕਾਰ ਸੋਮਵਾਰ ਨੂੰ ਪੂਰੇ ਫ਼ੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। ਉਹ 1963 ਵਿਚ ਆਫਿਸਰਜ਼ ਟਰੇਨਿੰਗ ਅਕੈਡਮੀ ਚੇਨਈ ਤੋਂ ਪਾਸ ਹੋਏ ਸਨ ਤੇ ਪੰਜਾਬ ਰੈਜੀਮੈਂਟ ਦੀ 23ਵੀਂ ਬਟਾਲੀਅਨ ਵਿਚ ਕਮਿਸ਼ਨ ਲਿਆ ਸੀ। 1965 ਦੀ ਜੰਗ ਵਿਚ ਉਨ੍ਹਾਂ ਪੱਛਮੀ ਸੈਕਟਰ ਵਿਚ ਭਾਗ ਲਿਆ ਸੀ ਤੇ ਬਾਅਦ ਵਿਚ ਕਰੀਬ ਇਕ ਸਾਲ ਸੰਯੁਕਤ ਰਾਸ਼ਟਰ ਹੰਗਾਮੀ ਬਲ ਯੂਐਨਈਐਫ ਵਿਚ ਸੇਵਾ ਨਿਭਾਈ। ਉਨ੍ਹਾਂ ਇਨਫੈਂਟਰੀ ਸਕੂਲ ਮਹੋਅ ਵਿਚ ਦੋ ਵਾਰ ਇੰਸਟ੍ਰਕਟਰ ਵਜੋਂ ਸੇਵਾ ਨਿਭਾਈ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਚਾਂਦਪੁਰੀ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਹ ਬਹੁਤ ਦਲੇਰ ਅਫ਼ਸਰ ਤੇ ਬੇਮਿਸਾਲ ਫ਼ੌਜੀ ਸਨ ਜਿਨ੍ਹਾਂ ਦੇ ਦੇਹਾਂਤ ਨਾਲ ਦੇਸ਼ ਨੂੰ ਵੱਡਾ ਘਾਟਾ ਪਿਆ ਹੈ।
INDIA ਲੌਂਗੇਵਾਲਾ ਦੀ ਲੜਾਈ ਦੇ ਨਾਇਕ ਬ੍ਰਿਗੇਡੀਅਰ ਚਾਂਦਪੁਰੀ ਨਹੀਂ ਰਹੇ