ਸੀਬੀਆਈ ਨੂੰ ਸਹਿਮਤੀ ਜਾਰੀ ਰਹੇਗੀ: ਅਮਰਿੰਦਰ

ਕਾਂਗਰਸ ਸ਼ਾਸਿਤ ਸੂਬਿਆਂ ’ਚ ਸੀਬੀਆਈ ਬਾਰੇ ਫ਼ੈਸਲਾ ਹਾਈ ਕਮਾਂਡ ਲਏਗਾ

ਕਾਂਗਰਸ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਸ਼ਨਿਚਰਵਾਰ ਨੂੰ ਉਨ੍ਹਾਂ ਕਿਆਸਾਂ ਨੂੰ ਰੱਦ ਕਰ ਦਿੱਤਾ ਕਿ ਪੰਜਾਬ ’ਚ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੂੰ ਦਿੱਤੀ ਆਮ ਸਹਿਮਤੀ ਨੂੰ ਵਾਪਸ ਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਕਦਮ ਨਹੀਂ ਉਠਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜੇ ਸੀਬੀਆਈ ਨੂੰ ਕੇਸਾਂ ਦੀ ਜਾਂਚ ਅਤੇ ਛਾਪਿਆਂ ਤੋਂ ਨਾਂਹ ਕਰਨ ਦਾ ਕੋਈ ਸਵਾਲ ਨਹੀਂ ਹੈ। ਉਂਜ ਕਾਂਗਰਸ ਦੀ ਸੱਤਾ ਵਾਲੇ ਸੂਬਿਆਂ ’ਚ ਸੀਬੀਆਈ ਨੂੰ ਸਹਿਮਤੀ ਬਾਰੇ ਕੋਈ ਫ਼ੈਸਲਾ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਲੈਣਗੇ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 15 ਨਵੰਬਰ ਨੂੰ ਦਿੱਲੀ ’ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਪਰ ਸੀਬੀਆਈ ਤੋਂ ਸਹਿਮਤੀ ਵਾਪਸ ਲੈਣ ਦੇ ਮੁੱਦੇ ਬਾਰੇ ਉਨ੍ਹਾਂ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ ਸੀ। ਕਾਂਗਰਸ ਸੂਤਰਾਂ ਨੇ ਕਿਹਾ ਕਿ ਚੋਣਾਂ ਦੇ ਸਮੇਂ ਦੌਰਾਨ ਇਸ ਫ਼ੈਸਲੇ ਦੇ ਸਿਆਸੀ ਅਰਥ ਨਿਕਲ ਸਕਦੇ ਹਨ। ਇਸ ਕਾਰਨ ਪਾਰਟੀ ਹਾਈ ਕਮਾਂਡ ਵੱਲੋਂ ਮੱਧ ਪ੍ਰਦੇਸ਼, ਰਾਜਸਥਾਨ, ਤਿਲੰਗਾਨਾ, ਛੱਤੀਸਗੜ੍ਹ ਅਤੇ ਮਿਜ਼ੋਰਮ ਵਿਧਾਨ ਸਭਾਵਾਂ ਦੀਆਂ ਚੋਣਾਂ ਸਮੇਤ ਸਾਰੀਆਂ ਗਿਣਤੀਆਂ-ਮਿਣਤੀਆਂ ਨੂੰ ਧਿਆਨ ’ਚ ਰੱਖਿਆ ਜਾਵੇਗਾ। ਕੇਂਦਰੀ ਜਾਂਚ ਏਜੰਸੀ ਸੀਬੀਆਈ ਦੇ ਅਧਿਕਾਰੀਆਂ ਦਰਮਿਆਨ ਰੇੜਕੇ ਨੂੰ ਦੇਖਦਿਆਂ ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸਰਕਾਰਾਂ ਨੇ ਸੀਬੀਆਈ ਨੂੰ ਸੂਬਿਆਂ ’ਚ ਦਿੱਤੀ ਆਮ ਸਹਿਮਤੀ ਵਾਲੇ ਹੁਕਮਾਂ ਨੂੰ ਰੱਦ ਕਰ ਦਿੱਤਾ ਸੀ। ਇਸ ਫ਼ੈਸਲੇ ਨਾਲ ਦੋਵੇਂ ਸੂਬਿਆਂ ’ਚ ਸੀਬੀਆਈ ਨੂੰ ਕਿਸੇ ਵੀ ਜਾਂਚ ਜਾਂ ਛਾਪੇ ਤੋਂ ਪਹਿਲਾਂ ਉਥੋਂ ਦੀਆਂ ਸਰਕਾਰਾਂ ਤੋਂ ਮਨਜ਼ੂਰੀ ਲੈਣੀ ਪਏਗੀ।