ਆਲੋਕ ਵਰਮਾ ਨੂੰ ਅਜੇ ਕਲੀਨ ਚਿੱਟ ਨਹੀਂ

*  ਸੀਬੀਆਈ ਮੁਖੀ ਨੂੰ 19 ਨਵੰਬਰ ਤਕ ਜਵਾਬ ਦਾਖ਼ਲ ਕਰਨ ਲਈ ਕਿਹਾ
*  ਸੀਵੀਸੀ ਦੀ ਰਿਪੋਰਟ ਵਿੱਚ ਕੁਝ ਪੱਖ ’ਚ ਅਤੇ ਕੁਝ ਵਿਰੋਧ ’ਚ ਟਿੱਪਣੀਆਂ
*  ਸੁਪਰੀਮ ਕੋਰਟ ਨੇ ਰਿਪੋਰਟ ਨੂੰ ਸੀਲਬੰਦ ਲਿਫਾਫੇ ’ਚ ਰੱਖਿਆ
*  ਕੇਸ ਦੀ ਅਗਲੀ ਸੁਣਵਾਈ 20 ਨਵੰਬਰ ਨੂੰ ਹੋਵੇਗੀ

ਸੀਬੀਆਈ ਦੇ ਅਧਿਕਾਰੀਆਂ ’ਚ ਚੱਲ ਰਹੇ ਰੇੜਕੇ ਦੇ ਮਾਮਲੇ ’ਚ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਅਜੇ ਸੀਬੀਆਈ ਦੇ ਡਾਇਰੈਕਟਰ ਆਲੋਕ ਕੁਮਾਰ ਵਰਮਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕਲੀਨ ਚਿੱਟ ਨਹੀਂ ਦਿੱਤੀ ਹੈ ਅਤੇ ਉਸ ਖ਼ਿਲਾਫ਼ ਲੱਗੇ ਕੁਝ ਖਾਸ ਦੋਸ਼ਾਂ ਦੀ ਅਜੇ ਜਾਂਚ ਚੱਲ ਰਹੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਬੈਂਚ ਨੇ ਸੀਵੀਸੀ ਦੀ ਰਿਪੋਰਟ ਹਾਸਲ ਕਰਨ ਮਗਰੋਂ ਕਿਹਾ ਕਿ ਸੀਵੀਸੀ ਨੇ ਵਿਸਥਾਰਤ ਰਿਪੋਰਟ ਦਾਖ਼ਲ ਕੀਤੀ ਹੈ। ਰਿਪੋਰਟ ਨੂੰ ਚਾਰ ਹਿੱਸਿਆਂ ’ਚ ਵੰਡਿਆ ਜਾ ਸਕਦਾ ਹੈ। ਇਸ ਦੇ ਸਿੱਟਿਆਂ ’ਚ ਕੁਝ ਪੱਖ ’ਚ ਅਤੇ ਕੁਝ ਵਿਰੋਧ ’ਚ ਟਿੱਪਣੀਆਂ ਹਨ ਜਿਨ੍ਹਾਂ ਦੀ ਅਜੇ ਜਾਂਚ ਕਰਨ ਦੀ ਲੋੜ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸੀਵੀਸੀ ਇਨ੍ਹਾਂ ਦੋਸ਼ਾਂ ਦੀ ਜਾਂਚ ਲਈ ਵਧ ਸਮਾਂ ਚਾਹੁੰਦਾ ਹੈ। ਸੀਵੀਸੀ ਦੀਆਂ ਲੱਭਤਾਂ ਨੂੰ ਰਲਿਆ-ਮਿਲਿਆ ਦੱਸਦਿਆਂ ਸੁਪਰੀਮ ਕੋਰਟ ਨੇ ਇਸ ਨੂੰ ਵਿਸਥਾਰਤ ਗੁਪਤ ਰਿਪੋਰਟ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਦੀ ਇਕ ਕਾਪੀ ਸੀਲਬੰਦ ਲਿਫਾਫੇ ’ਚ ਆਲੋਕ ਵਰਮਾ ਨੂੰ ਦਿੱਤੀ ਜਾਵੇ। ਬੈਂਚ ਨੇ ਉਨ੍ਹਾਂ ਨੂੰ 19 ਨਵੰਬਰ ਤਕ ਰਿਪੋਰਟ ਦੇਖ ਕੇ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਇਸ ਦੇ ਨਾਲ ਬੈਂਚ ਨੇ ਕੇਸ ਦੀ ਸੁਣਵਾਈ 20 ਨਵੰਬਰ ਲਈ ਨਿਰਧਾਰਿਤ ਕਰ ਦਿੱਤੀ। ਬੈਂਚ ਨੇ ਕਿਹਾ ਕਿ ਸੀਬੀਆਈ ਦੀ ਮਰਿਆਦਾ ਅਤੇ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਸੀਵੀਸੀ ਦੀ ਰਿਪੋਰਟ ਨੂੰ ਗੁਪਤ ਰੱਖਣਾ ਜ਼ਰੂਰੀ ਹੈ। ਉਨ੍ਹਾਂ ਰਿਪੋਰਟ ਦੀ ਕਾਪੀ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਅਤੇ ਸੀਵੀਸੀ ਵੱਲੋਂ ਪੇਸ਼ ਹੋਏ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਦੇ ਦਫ਼ਤਰ ਨੂੰ ਵੀ ਸੌਂਪਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ,‘‘ਅਸੀਂ ਇਸ ਸਮੇਂ ਕੇਂਦਰ ਸਰਕਾਰ ਜਾਂ ਕਿਸੀ ਹੋਰ ਧਿਰ ਨੂੰ ਸੀਵੀਸੀ ਦੀ ਰਿਪੋਰਟ ’ਤੇ ਜਵਾਬ ਦਾਖ਼ਲ ਕਰਨ ਲਈ ਨਹੀਂ ਆਖਾਂਗੇ।’’ ਉਨ੍ਹਾਂ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦੇ ਵਕੀਲ ਮੁਕੁਲ ਰੋਹਤਗੀ ਵੱਲੋਂ ਸੀਵੀਸੀ ਦੀ ਰਿਪੋਰਟ ਦੀ ਕਾਪੀ ਦੇਣ ਦੀ ਮੰਗ ਨੂੰ ਨਕਾਰ ਦਿੱਤਾ। ਵਰਮਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਐਫ ਐਸ ਨਰੀਮਨ ਨੇ ਅਦਾਲਤ ਨੂੰ ਦੱਸਿਆ ਕਿ ਸੀਬੀਆਈ ਡਾਇਰੈਕਟਰ ਰਿਪੋਰਟ ’ਤੇ ਆਪਣਾ ਜਵਾਬ 19 ਨਵੰਬਰ ਤੋਂ ਪਹਿਲਾਂ ਪਹਿਲਾਂ ਦਾਖ਼ਲ ਕਰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਜਿਨ੍ਹਾਂ ਜਲਦੀ ਹੋ ਸਕੇ, ਇਸ ਦਾ ਨਿਬੇੜਾ ਹੋ ਜਾਵੇ। ਗ਼ੈਰ ਸਰਕਾਰੀ ਜਥੇਬੰਦੀ ਕਾਮਨ ਕਾਜ਼ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਦਸ਼ਯੰਤ ਦਵੇ ਨੂੰ ਬੈਂਚ ਨੇ ਕਿਹਾ ਕਿ ਸੀਬੀਆਈ ਦੇ ਕਾਰਜਕਾਰੀ ਡਾਇਰੈਕਟਰ ਐਮ ਨਾਗੇਸ਼ਵਰ ਰਾਓ ਨੇ ਕੋਈ ਵੱਡਾ ਫ਼ੈਸਲਾ ਨਹੀਂ ਲਿਆ ਹੈ ਕਿਉਂਕਿ ਉਨ੍ਹਾਂ ਵੱਲੋਂ ਲਏ ਗਏ ਫ਼ੈਸਲਿਆਂ ਦੀ ਸੂਚੀ ਪੇਸ਼ ਨਹੀਂ ਕੀਤੀ ਗਈ ਹੈ। ਸ੍ਰੀ ਦਵੇ ਨੇ ਕਿਹਾ ਕਿ ਉਹ ਇਸ ਸਬੰਧੀ ਸੂਚੀ ਪੇਸ਼ ਕਰਨਗੇ। ਬੈਂਚ ਨੇ ਕਾਂਗਰਸ ਆਗੂ ਮਲਿਕਾਰਜੁਨ ਖੜਗੇ ਅਤੇ ਸੀਬੀਆਈ ਦੇ ਡਿਪਟੀ ਐਸਪੀ ਏ ਕੇ ਬੱਸੀ ਦੀਆਂ ਅਰਜ਼ੀਆਂ ’ਤੇ ਵੀ ਵਿਚਾਰ ਕੀਤਾ।
ਸੁਪਰੀਮ ਕੋਰਟ ਵੱਲੋਂ ਜਸਟਿਸ ਪਟਨਾਇਕ ਦਾ ਧੰਨਵਾਦ: ਸੀਬੀਆਈ ਦੇ ਡਾਇਰੈਕਟਰ ਆਲੋਕ ਕੁਮਾਰ ਵਰਮਾ ਖ਼ਿਲਾਫ਼ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਚੱਲ ਰਹੀ ਸੀਵੀਸੀ ਜਾਂਚ ਦੀ ਨਿਗਰਾਨੀ ਕਰਨ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਏ.ਕੇ. ਪਟਨਾਇਕ ਵੱਲੋਂ ਦਿੱਤੇ ਜਾ ਰਹੇ ਸਮੇਂ ਲਈ ਸੁਪਰੀਮ ਕੋਰਟ ਨੇ ਅੱਜ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਮਹਿਸੂਸ ਕੀਤਾ ਕਿ ਕੇਂਦਰੀ ਵਿਜੀਲੈਂਸ ਕਮਿਸ਼ਨ ਵੱਲੋਂ ਅਦਾਲਤ ’ਚ ਜਮ੍ਹਾਂ ਕਰਵਾਈ ਗਈ ਸੀਲਬੰਦ ਜਾਂਚ ਰਿਪੋਰਟ ਤੋਂ ਇਲਾਵਾ ਜਸਟਿਸ ਪਟਨਾਇਕ ਨੇ ਵੀ ਇਕ ਨੋਟ ਅਦਾਲਤ ’ਚ ਜਮ੍ਹਾਂ ਕੀਤਾ ਹੈ। ਜਸਟਿਸ (ਰਿਟਾਇਰਡ) ਪਟਨਾਇਕ ਜਿਨ੍ਹਾਂ ਨੂੰ ਅਦਾਲਤ ਨੇ ਸੀਵੀਸੀ ਜਾਂਚ ਦੀ ਨਿਗਰਾਨੀ ਕਰਨ ਦੀ ਅਪੀਲ ਕੀਤੀ ਸੀ, ਨੇ ਵੀ ਅੱਜ ਅਦਾਲਤ ’ਚ ਇਕ ਨੋਟ ਜਮ੍ਹਾਂ ਕਰਵਾਇਆ ਹੈ। ਇਸ ’ਤੇ ਬੈਂਚ ਨੇ ਜਸਟਿਸ ਪਟਨਾਇਕ ਦਾ ਧੰਨਵਾਦ ਕੀਤਾ।