ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਹੈ ਕਿ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਨੋਟਬੰਦੀ ਸਭ ਤੋਂ ਵੱਡਾ ਘੁਟਾਲਾ ਹੈ ਅਤੇ ਇਹ ਸਿੱਧ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਤੋਂ ਉਨ੍ਹਾਂ ਦੀ ਸਖਤ ਮਿਹਨਤ ਦੀ ਕਮਾਈ ਲੁੱਟ ਲਈ ਹੈ ਅਤੇ ਇਹ ਕੁੱਝ ਅਮੀਰ ਲੋਕਾਂ ਨੂੰ ਦੇ ਦਿੱਤੀ ਹੈ। ਇਸ ਦੌਰਾਨ ਹੀ ਰਾਹੁਲ ਨੇ ਟਵੀਟ ਕਰਕੇ ਕਿਹਾ ਹੈ ਕਿ ਮੋਦੀ ਮੰਤਰੀਮੰਡਲ ਦੇ ਦਰਵਾਜ਼ੇ ਜਾਅਲੀ ਡਿਗਰੀਆਂ ਵਾਲੇ ਲੋਕਾਂ ਲਈ ਤੇਜ਼ੀ ਨਾਲ ਖੁਲ੍ਹਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਆਰਐੱਸਐੱਸ ਨੂੰ ਰਗੜਾ ਲਾਉਂਦਿਆਂ ਕਿਹਾ ਕਿ ਇਸ ਦੀ ਦਿੱਲੀ ਯੁੂਨੀਵਰਸਿਟੀਆਂ ਦੀਆਂ ਸੰਸਥਾਵਾਂ ਉੱਤੇ ‘ਫਰਜ਼ੀਕਲ ਸਟਰਾਈਕ’ ਜਾਰੀ ਹੈ। ਇਸ ਬਿਆਨ ਦੇ ਉੱਤੇ ਪ੍ਰਧਾਨ ਮੰਤਰੀ ਦਫਤਰ ਜਾਂ ਭਾਜਪਾ ਵੱਲੋਂ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ। ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਹਮਲਾ ਜਾਰੀ ਰੱਖਦਿਆਂ ਕਿਹਾ ਕਿ ਚੋਣਵੇਂ ਉਦਯੋਗਪਤੀਆਂ ਦੇ 3.5 ਲੱਖ ਕਰੋੜ ਦੇ ਕਰਜ਼ ਮੁਆਫ ਕਰਨ ਸਬੰਧੀ ਸਿਫ਼ਾਰਸ਼ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਹੁਣ ਬਾਕੀ ਰਹਿੰਦੇ 12 ਲੱਖ ਕਰੋੜ ਦੇ ਕਰਜ਼ ਨੂੰ ਮੁਆਫ਼ ਕਰਨ ਦੀ ਵੀ ਸਿਫਾਰਸ਼ ਕਰਨਗੇ। ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਮੱਦੇਨਜ਼ਰ ਸਾਗਰ ਜ਼ਿਲ੍ਹੇ ਵਿਚ ਡਿਓਰੀ ਕਸਬੇ ਵਿਚ ਚੋਣ ਰੈਲੀ ਨੂੰ ਸੰਬਧਨ ਕਰਦਿਆਂ ਉਨ੍ਹਾਂ ਕਿਹਾ ਕਿ ਨੋਟਬੰਦੀ ਹੁਣ ਤੱਕ ਦਾ ਸਭ ਤੋਂ ਵੱਡਾ ਘੁਟਾਲਾ ਹੈ। ਉਨ੍ਹਾਂ ਕਿਹਾ,‘ ਮੈਂ ਮੋਦੀ ਜੀ ਨੂੰ ਮਿਲਿਆ ਤੇ ਉਨ੍ਹਾਂ ਨੂੰ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦੇ ਲਈ ਕਿਹਾ ਪਰ ਉਨ੍ਹਾਂ ਦੇ ਮੂੰਹ ਵਿਚੋਂ ਇਕ ਸ਼ਬਦ ਵੀ ਨਹੀਂ ਨਿਕਲਿਆ।
INDIA ਭਾਰਤ ਵਿਚ ਨੋਟਬੰਦੀ ਸਭ ਤੋਂ ਵੱਡਾ ਘੁਟਾਲਾ: ਰਾਹੁਲ