ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਅੱਜ ਇੱਥੇ ਵਧੀਕ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਅਕਾਲੀ-ਭਾਜਪਾ ਸਰਕਾਰ ਸਮੇਂ 2015 ਦੌਰਾਨ ਫ਼ਰੀਦਕੋਟ ਜ਼ਿਲ੍ਹੇ ਵਿੱਚ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਅਤੇ ਪੁਲੀਸ ਗੋਲੀ ਕਾਂਡ ਨਾਲ ਸਬੰਧਤ ਮਾਮਲਿਆਂ ਵਿੱਚ ਤਕਰੀਬਨ ਪੌਣਾ ਘੰਟਾ ਪੁੱਛ-ਗਿੱਛ ਕੀਤੀ। ਸੂਤਰਾਂ ਮੁਤਾਬਕ ਸ੍ਰੀ ਬਾਦਲ ਨੇ ‘ਸਿੱਟ’ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਦੀ ਸਰਕਾਰ ਸਮੇਂ ਕੀਤੀ ਕਾਰਵਾਈ ਖਾਸ ਕਰ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਕੇ ਪੜਤਾਲ ਕਰਨ ਸਬੰਧੀ ਜਵਾਬ ਦਿੱਤੇ। ਉਨ੍ਹਾਂ ਦੱਸਿਆ ਕਿ ਸ੍ਰੀ ਬਾਦਲ ਤੋਂ ਕੋਟਕਪੂਰਾ ਗੋਲੀ ਕਾਂਡ ਅਤੇ ਬੇਅਦਬੀ ਦੀ ਘਟਨਾ ਸਬੰਧੀ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਦੀ ਪੜਤਾਲੀਆ ਰਿਪੋਰਟ ਵਿੱਚ ਸਾਹਮਣੇ ਲਿਆਂਦੇ ਕੁਝ ਤੱਥਾਂ ਸਬੰਧੀ ਵੀ ਸਵਾਲ ਪੁੱਛੇ ਗਏ। ‘ਸਿੱਟ’ ਵੱਲੋਂ ਤਤਕਾਲੀ ਡੀਜੀਪੀ ਨਾਲ ਹੋਈ ਗੱਲਬਾਤ ਦਾ ਵੇਰਵਾ ਦੇਣ ਲਈ ਵੀ ਕਿਹਾ ਗਿਆ। ਸਾਬਕਾ ਮੁੱਖ ਮੰਤਰੀ ਨੇ ‘ਸਿੱਟ’ ਦੇ ਮੈਂਬਰਾਂ ਨੂੰ ਸਪੱਸ਼ਟ ਕਿਹਾ ਕਿ ਪੁਲੀਸ ਨੂੰ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਗਏ ਸਨ। ਧਾਰਮਿਕ ਤੇ ਸੰਵੇਦਨਸ਼ੀਲ ਮਾਮਲੇ ਵਿੱਚ ਪਹਿਲੀ ਵਾਰ ਪੁੱਛ-ਗਿੱਛ ਹੋਣ ਕਰਕੇ ਸ੍ਰੀ ਬਾਦਲ ਦੇ ਮੱਥੇ ਤੋਂ ਚਿੰਤਾ ਦੀਆਂ ਲਕੀਰਾਂ ਸਾਫ਼ ਪੜ੍ਹੀਆਂ ਜਾ ਸਕਦੀਆਂ ਸਨ। ਉਥੇ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਘਬਰਾਹਟ ਵਿੱਚ ਦਿਖਾਈ ਦੇ ਰਹੇ ਸਨ। ਉਂਜ ਇਥੇ ਸੀਨੀਅਰ ਲੀਡਰਸ਼ਿਪ ਨੇ ਵੀ ਭਰਵੀਂ ਹਾਜ਼ਰੀ ਲਵਾਈ। ਸਾਬਕਾ ਮੁੱਖ ਮੰਤਰੀ ਨੇ ਤਫ਼ਤੀਸ਼ੀ ਅਧਿਕਾਰੀਆਂ ਨੂੰ ਪੁੱਛ-ਗਿੱਛ ਲਈ ਢਾਈ ਵਜੇ ਦਾ ਸਮਾਂ ਦਿੱਤਾ ਸੀ। ਆਈਜੀ ਰੈਂਕ ਦੇ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਸਮੇਂ ਮੁਤਾਬਕ ਚੰਡੀਗੜ੍ਹ ਦੇ ਸੈਕਟਰ 4 ਸਥਿਤ ਉਨ੍ਹਾਂ ਦੇ ਐਮਐਲਏ ਫਲੈਟ ’ਤੇ ਪਹੁੰਚ ਗਏ ਸਨ। ਸ੍ਰੀ ਬਾਦਲ ਨੇ ਪੁਲੀਸ ਅਧਿਕਾਰੀ ਦਾ ਸਵਾਗਤ ਤਾਂ ਕੀਤਾ ਪਰ ‘ਸਿੱਟ’ ਮੁਖੀ ਪ੍ਰਬੋਧ ਕੁਮਾਰ ਨਾਲ ਗੱਲ ਕਰਕੇ ਉਨ੍ਹਾਂ ਨੂੰ ਖੁਦ ਆਉਣ ਲਈ ਕਿਹਾ। ਇਸ ਤੋਂ ਬਾਅਦ ਪ੍ਰਬੋਧ ਕੁਮਾਰ, ਆਈਜੀ ਅਰੁਣਪਾਲ ਸਿੰਘ ਅਤੇ ਐਸਪੀ ਭੁਪਿੰਦਰ ਸਿੰਘ ਉਥੇ ਪਹੁੰਚੇ ਅਤੇ ਬੰਦ ਕਮਰੇ ਵਿੱਚ ਸ੍ਰੀ ਬਾਦਲ ਤੋਂ ਪੁੱਛ-ਗਿੱਛ ਸ਼ੁਰੂ ਹੋਈ। ਸਿੱਟ ਦੇ ਮੈਂਬਰਾਂ ਨੇ ਪੁੱਛ-ਗਿੱਛ ਦੀ ਵੀਡੀਓਗ੍ਰਾਫੀ ਵੀ ਕੀਤੀ। ਉਧਰ ਸਾਬਕਾ ਮੁੱਖ ਮੰਤਰੀ ਨੇ ‘ਸਿੱਟ’ ਦੀ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ,‘‘ਮੈਨੂੰ ਪੁਲੀਸ ਅਧਿਕਾਰੀਆਂ ’ਤੇ ਕੋਈ ਯਕੀਨ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਤਾਂ ਮਹਿਜ਼ ਖਾਨਾਪੂਰਤੀ ਕਰਨੀ ਹੈ ਤੇ ਹੋਣਾ ਤਾਂ ਉਹੀ ਹੈ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੁਣਗੇ ਪਰ ਮੈਂ ਕਾਨੂੰਨ ਨੂੰ ਮੰਨਣਾ ਵਾਲਾ ਵਿਅਕਤੀ ਹਾਂ’’। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਜਦੋਂ ਇਰਾਦਾ ਕਤਲ ਦੇ ਮਾਮਲੇ ਵਿੱਚ ਤਤਕਾਲੀ ਮੁੱਖ ਮੰਤਰੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ ਅੰਦਰ ਵੱਡੀਆਂ ਵੱਡੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਕਦੇ ਮੁੱਖ ਮੰਤਰੀਆਂ, ਪ੍ਰਧਾਨ ਮੰਤਰੀ ਜਾਂ ਮੰਤਰੀਆਂ ਨੂੰ ਸੱਦਿਆਂ ਨਹੀਂ ਜਾਂਦਾ। ਇੱਥੋਂ ਤੱਕ ਕਿ ਸਾਕਾ ਨੀਲਾ ਤਾਰਾ ਜਾਂ 1984 ਦੇ ਦੰਗਿਆਂ ਬਾਰੇ ਉਸ ਸਮੇਂ ਦੇ ਪ੍ਰਧਾਨ ਮੰਤਰੀਆਂ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ‘ਸਿੱਟ’ ਵੱਲੋਂ ਪੁੱਛੇ ਗਏ ਸਵਾਲ ਪੂਰੀ ਤਰ੍ਹਾਂ ਨਾਲ ਬੇਤੁਕੇ ਸਨ ਅਤੇ ਮੁੱਖ ਮੰਤਰੀ ਦੀ ਕੁਰਸੀ ਸੰਭਾਲ ਚੁੱਕੇ ਵਿਅਕਤੀ ਤੋਂ ਅਜਿਹੇ ਸਵਾਲ ਪੁੱਛਣੇ ਨਹੀਂ ਬਣਦੇ ਸਨ। ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਵੀ ਮੁੱਖ ਮੰਤਰੀ ਹੁੰਦਿਆਂ ਮੇਰੀ ਪਤਨੀ ਸਮੇਤ ਪਰਚਾ ਦਰਜ ਕੀਤਾ ਸੀ ਪਰ ਸੱਚਾਈ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਅਸੀਂ ਕਸੂਰਵਾਰ ਲਗਦੇ ਹਾਂ ਪਰ ਸੱਚਾਈ ਆਖਿਰ ਲੋਕਾਂ ਦੇ ਸਾਹਮਣੇ ਆ ਜਾਵੇਗੀ। ਉਨ੍ਹਾਂ ਕਾਂਗਰਸ ਸਰਕਾਰ ’ਤੇ ਸੂਬੇ ਦੇ ਹਾਲਾਤ ਖ਼ਰਾਬ ਕਰਨ ਦੇ ਦੋਸ਼ ਵੀ ਲਾਏ।
INDIA ਮੈਂ ਗੋਲੀ ਚਲਾਉਣ ਦਾ ਹੁਕਮ ਨਹੀਂ ਦਿੱਤਾ: ਬਾਦਲ