ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਲਕੇ ਚੰਡੀਗੜ੍ਹ ਵਿੱਚ ਕੋਟਕਪੂਰਾ ਗੋਲੀ ਕਾਂਡ ਦੀ ਤਫਤੀਸ਼ ਵਿੱਚ ਸ਼ਾਮਲ ਹੋ ਕੇ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਸਵਾਲਾਂ ਦੇ ਜਵਾਬ ਦੇਣਗੇ। ਉਧਰ ਸ਼੍ਰੋਮਣੀ ਅਕਾਲੀ ਦਲ ਨੇ ‘ਸਿੱਟ’ ਦੀ ਨਿਰਪੱਖਤਾ ’ਤੇ ਸਵਾਲ ਖੜ੍ਹੇ ਕਰਦਿਆਂ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਗੈਰ ਪੇਸ਼ੇਵਰ ਅਤੇ ਪੱਖਪਾਤੀ ਰਵੱਈਆ ਅਖ਼ਤਿਆਰ ਕਰਨ ਦੇ ਦੋਸ਼ ਲਾਉਂਦਿਆਂ ਉਸ ਨੂੰ ਜਾਂਚ ਟੀਮ ਦੇ ਮੈਂਬਰ ਵਜੋਂ ‘ਸਿੱਟ’ ’ਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ।
ਸ੍ਰੀ ਬਾਦਲ ਤਰਫੋਂ ਪਾਰਟੀ ਦੇ ਨੁਮਾਇੰਦੇ ਨੇ ਅੱਜ ‘ਸਿਟ’ ਮੁਖੀ ਪ੍ਰਬੋਧ ਕੁਮਾਰ ਦੇ ਦਫ਼ਤਰ ਵਿੱਚ ਇੱਕ ਪੱਤਰ ਦਿੱਤਾ ਜਿਸ ਰਾਹੀਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਭਲਕੇ ਸੈਕਟਰ 4 ਦੇ ਐਮਐਲਏ ਫਲੈਟ ’ਚ ਉਨ੍ਹਾਂ ਨਾਲ ਢਾਈ ਵਜੇ ਮਿਲ ਕੇ ਸਵਾਲ-ਜਵਾਬ ਕੀਤੇ ਜਾ ਸਕਦੇ ਹਨ। ਪੁਲੀਸ ਟੀਮ ਵੱਲੋਂ ਪਹਿਲੀ ਵਾਰੀ ਸਾਬਕਾ ਮੁੱਖ ਮੰਤਰੀ ਨੂੰ ਕੋਟਕਪੂਰਾ ਕਾਂਡ ਦੀ ਤਫ਼ਤੀਸ਼ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤ ਅਕਸ਼ੈ ਕੁਮਾਰ ਤੋਂ ਵੀ ਪੁੱਛ-ਗਿੱਛ ਕੀਤੀ ਜਾਣੀ ਹੈ। ਉਧਰ ਅਕਾਲੀ ਦਲ ਦੇ ਸੀਨੀਅਰ ਆਗੂਆਂ ਡਾ. ਦਲਜੀਤ ਸਿੰਘ ਚੀਮਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਮੀਡੀਆ ਸਾਹਮਣੇ ਕੀਤੀਆਂ ਗੈਰ-ਪੇਸ਼ੇਵਰ ਅਤੇ ਪੱਖਪਾਤੀ ਟਿੱਪਣੀਆਂ ਨੇ ਉਸ ਦੇ ਪੱਖਪਾਤੀ ਰਵੱਈਏ ਅਤੇ ਨਫ਼ਰਤ ਦੀ ਭਾਵਨਾ ਨੂੰ ਨੰਗਾ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਅਧਿਕਾਰੀ ਦੇ ‘ਸਿੱਟ’ ਵਿਚ ਬਣੇ ਰਹਿਣ ਨਾਲ ਆਜ਼ਾਦ ਅਤੇ ਨਿਰਪੱਖ ਜਾਂਚ ਦਾ ਮੰਤਵ ਖ਼ਤਮ ਹੋ ਜਾਵੇਗਾ। ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਢੁੱਕਵੀਂ ਕਾਰਵਾਈ ਵੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਪੁਲੀਸ ਅਧਿਕਾਰੀ ਦੇ ਗੈਰ-ਪੇਸ਼ਾਵਰ ਵਤੀਰੇ ਬਾਰੇ ਰਾਜ ਦੇ ਮੁੱਖ ਸਕੱਤਰ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ‘ਸਿੱਟ’ ਨੂੰ ਪੂਰਨ ਸਹਿਯੋਗ ਦੇਣਗੇ। ਅਕਾਲੀ ਆਗੂਆਂ ਨੇ ਮੁੱਖ ਸਕੱਤਰ ਨੂੰ ਲਿਖੀ ਚਿੱਠੀ ਦੀਆਂ ਕਾਪੀਆਂ ਵੀ ਜਾਰੀ ਕੀਤੀਆਂ ਜਿਸ ਦੀ ਇੱਕ ਕਾਪੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੀ ਗਈ ਹੈ।
INDIA ਬੇਅਦਬੀ ਕਾਂਡ: ਬਾਦਲ ਤੋਂ ਪੁੱਛ-ਗਿੱਛ ਅੱਜ