ਚੌਟਾਲਾ ਪਰਿਵਾਰ ਦੋਫ਼ਾੜ, ਅਜੈ ਨੂੰ ਪਾਰਟੀ ’ਚੋਂ ਕੱਢਿਆ

ਇੰਡੀਅਨ ਨੈਸ਼ਨਲ ਦਲ (ਇਨੈਲੋ) ਦੇ ਕੌਮੀ ਜਨਰਲ ਸਕੱਤਰ ਅਜੈ ਚੌਟਾਲਾ ਨੂੰ ਅੱਜ ਪਾਰਟੀ ’ਚੋਂ ਬਾਹਰ ਦਾ ਰਾਹ ਵਿਖਾਉਣ ਦੇ ਨਾਲ ਹੀ ਹਰਿਆਣਾ ਦਾ ਚੌਟਾਲਾ ਪਰਿਵਾਰ ਅਤੇ ਇਨੈਲੋ ਪੂਰੀ ਤਰ੍ਹਾਂ ਦੋਫਾੜ ਹੋ ਗਏ। ਇਨੈਲੋ ਦੇ ਸੂਬਾ ਪ੍ਰਧਾਨ ਅਸ਼ੋਕ ਅਰੋੜਾ ਨੇ ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਭੈ ਚੌਟਾਲਾ ਦੀ ਮੌਜੂਦਗੀ ਵਿੱਚ ਉਨ੍ਹਾਂ (ਅਭੈ) ਦੇ ਵੱਡੇ ਭਰਾ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਜੈ ਚੌਟਾਲਾ ਨੂੰ ਪਾਰਟੀ ਵਿਚੋਂ ਕੱਢਣ ਦਾ ਐਲਾਨ ਕੀਤਾ। ਅਜੈ ਚੌਟਾਲਾ ਦੇ ਦੋਵਾਂ ਪੁੱਤਰਾਂ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਅਤੇ ਦਿਗਵਜੈ ਚੌਟਾਲਾ ਨੂੰ ਪਹਿਲਾਂ ਹੀ ਪਾਰਟੀ ਵਿੱਚੋਂ ਕੱਢਿਆ ਜਾ ਚੁੱਕਾ ਹੈ। ਪਾਰਟੀ ਦੇ ਸੂਬਾਈ ਪ੍ਰਧਾਨ ਨੇ ਕਿਹਾ ਕਿ ਅਜੈ ਚੌਟਾਲਾ 17 ਨਵੰਬਰ ਨੂੰ ਜਿੱਥੇ ਜੀਂਦ ਵਿੱਚ ਮੀਟਿੰਗ ਕਰ ਰਹੇ ਹਨ, ਉਥੇ ਪਾਰਟੀ ਨੇ ਵੀ ਉਸੇ ਦਿਨ ਆਪਣੀ ਹੰਗਾਮੀ ਮੀਟਿੰਗ ਸਵੇਰੇ 10 ਵਜੇ ਜਾਟ ਭਵਨ ਚੰਡੀਗੜ੍ਹ ਵਿੱਚ ਸੱਦ ਲਈ ਹੈ। ਉਸੇ ਮੀਟਿੰਗ ਵਿੱਚ ਜੀਂਦ ਦੀ ਮੀਟਿੰਗ ਵਿੱਚ ਜਾਣ ਵਾਲੇ ਪਾਰਟੀ ਆਗੂਆਂ ਵਿਰੁੱਧ ਕਾਰਵਾਈ ਸਬੰਧੀ ਫ਼ੈਸਲਾ ਲਿਆ ਜਾਵੇਗਾ। ਦੂਸਰੇ ਪਾਸੇ ਅਜੈ ਚੌਟਾਲਾ ਦੇ ਪੁੱਤਰ ਦਿਗਵਜੈ ਚੌਟਾਲਾ ਨੇ ਇਸ ਕਾਰਵਾਈ ਨੂੰ ਮੰਦਭਾਗੀ ਦੱਸਦਿਆਂ ਕਿਹਾ ਕਿ ਉਨ੍ਹਾਂ ਵਿਰੁੱਧ ਵੱਡੀ ਸਾਜ਼ਿਸ਼ ਘੜੀ ਗਈ ਹੈ। ਇਸ ਦੌਰਾਨ ਅਜੈ ਚੌਟਾਲਾ ਨੇ ਕਿਹਾ 17 ਨਵੰਬਰ ਦੀ ਜੀਂਦ ਮੀਟਿੰਗ ਹਰ ਹਾਲ ਵਿੱਚ ਹੋਵੇਗੀ।
ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਰੋੜਾ ਨੇ ਦਾਅਵਾ ਕੀਤਾ ਕਿ ਜੇਲ੍ਹ ਵਿਚ ਬੰਦ ਪਾਰਟੀ ਦੇ ਕੌਮੀ ਪ੍ਰਧਾਨ ਓਪੀ ਚੌਟਾਲਾ ਪਿਛਲੇ ਸਮੇਂ ਤੋਂ ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਖੁਲਾਸਾ ਕੀਤਾ ਕਿ 12 ਨਵੰਬਰ ਨੂੰ ਹੀ ਕੌਮੀ ਪ੍ਰਧਾਨ ਓਪੀ ਚੌਟਾਲਾ ਦੇ ਹਸਤਾਖਰਾਂ ਵਾਲਾ ਪੱਤਰ ਉਨ੍ਹਾਂ ਨੂੰ ਮਿਲ ਗਿਆ ਸੀ, ਜਿਸ ਨੂੰ ਅੱਜ ਜਨਤਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੌਮੀ ਪ੍ਰਧਾਨ ਖਾਸ ਕਰਕੇ ਅਜੈ ਚੌਟਾਲਾ ਵੱਲੋਂ 17 ਨਵੰਬਰ ਨੂੰ ਸੱਦੀ ਮੀਟਿੰਗ ਤੋਂ ਦੁਖੀ ਹਨ। ਇਸ ਲਈ ਨਾ ਚਾਹੁੰਦਿਆਂ ਵੀ ਉਨ੍ਹਾਂ ਨੂੰ ਇਹ ਸਖ਼ਤ ਫੈਸਲਾ ਲੈਣਾ ਪਿਆ ਹੈ। ਸ੍ਰੀ ਅਰੋੜਾ ਨੇ ਦਾਅਵਾ ਕੀਤਾ ਕਿ ਓਪੀ ਚੌਟਾਲਾ ਨੇ ਪੱਤਰ ਵਿਚ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਜਾਣ ਦਾ ਇੰਨਾ ਦੁੱਖ ਨਹੀਂ ਹੋਇਆ ਸੀ, ਜਿੰਨਾ ਅਜੈ ਚੌਟਾਲਾ ਵੱਲੋਂ ਪਾਰਟੀ ਵਿਰੋਧੀ ਕਾਰਵਾਈਆਂ ਕਰ ਕੇ ਹੋਇਆ ਹੈ। ਉਧਰ ਅਭੈ ਚੌਟਾਲਾ ਨੇ ਕਿਹਾ ਕਿ ਜੇ ਕੋਈ ਵਿਧਾਇਕ 17 ਨਵੰਬਰ ਦੀ ਜੀਂਦ ਮੀਟਿੰਗ ’ਚ ਜਾਣਾ ਚਾਹੁੰਦਾ ਹੈ ਤਾਂ ਉਹ ਲਿਖ ਕੇ ਦੇਵੇ ਤਾਂ ਜੋ ਵਿਧਾਨ ਸਭਾ ਦੇ ਸਪੀਕਰ ਕੋਲ ਪੱਤਰ ਭੇਜ ਕੇ ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਖਾਰਜ ਕੀਤੀ ਜਾ ਸਕੇ। ਅਭੈ ਨੇ ਕਿਹਾ ਕਿ ਇਨੈਲੋ ਸੁਪਰੀਮੋ ਓਪੀ ਚੌਟਾਲਾ ਅਤੇ ਅਜੈ ਚੌਟਾਲਾ ਨੂੰ ਕੈਦ ਦੀ ਸਜ਼ਾ ਮਿਲਣ ਮਗਰੋਂ ਦਿੱਲੀ ਵਿੱਚ ਸੀਨੀਅਰ ਨੇਤਾਵਾਂ ਦੀ ਮੀਟਿੰਗ ਹੋਈ ਸੀ। ਇਸ ਦੌਰਾਨ ਪਾਰਟੀ ਵਿੱਚ ਪਸਰੀ ਮਾਯੂਸੀ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ ਉਪਰ ਪਾਈ ਸੀ, ਜਿਸ ਨੂੰ ਉਨ੍ਹਾਂ ਬਾਖੂਬੀ ਨਿਭਾਇਆ ਸੀ। ਉਨ੍ਹਾਂ ਕਿਹਾ ਕਿ ਅਜੈ ਚੌਟਾਲਾ ਵੱਲੋਂ 17 ਨਵੰਬਰ ਨੂੰ ਸੱਦੀ ਮੀਟਿੰਗ ਇਨੈਲੋ ਦੇ ਸੰਵਿਧਾਨ ਦੇ ਨਿਯਮ 9 ਦੀ ਧਾਰਾ 5 ਦੀ ਉਲੰਘਣਾ ਹੈ।