ਖ਼ੁਸ਼ੀ ਵਿੱਚ ‘ਬੇਸੁੱਧ,,’,, ਪੁਲੀਸ ਮਲਾਜ਼ਮਾਂ ਨੇ ਸੜਕ ’ਤੇ ਵਹਾਇਆ ਖੂਨ

ਪੁਲੀਸ ਕਮਿਸ਼ਨਰ ਤੋਂ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਬੀਤੀ ਰਾਤ ਕਥਿਤ ਨਸ਼ੇ ਵਿੱਚ ਧੁੱਤ ਪੁਲੀਸ ਮੁਲਾਜ਼ਮਾਂ ਨੇ ਆਪਣੀ ਗੱਡੀ ਨਾਲ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਜ਼ਖ਼ਮੀ ਹੋ ਗਿਆ। ਹਾਦਸੇ ਵਿੱਚ ਜ਼ਖਮੀ ਹੋਏ ਜੋਗਿੰਦਰ ਠਾਕੁਰ (55) ਦੀ ਇਲਾਜ ਦੌਰਾਨ ਮੌਤ ਹੋਈ। ਉਹ ਇਥੇ ਬਸ਼ੀਰਪੁਰਾ ਦਾ ਰਹਿਣ ਵਾਲਾ ਸੀ ਤੇ ਮੂਲ ਰੂਪ ਵਿੱਚ ਉਹ ਬਿਹਾਰ ਦਾ ਸੀ। ਪੁਲੀਸ ਨੇ ਐਫ਼ਆਈਆਰ ਤਾਂ ਦਰਜ ਕਰ ਲਈ ਹੈ ਪਰ ਪੀੜਤ ਪਰਿਵਾਰ ’ਤੇ ਰਾਜ਼ੀਨਾਮੇ ਲਈ ਕਥਿਤ ਦਬਾਅ ਪਾਇਆ ਜਾ ਰਿਹਾ ਹੈ। ਲੰਘੀ ਰਾਤ ਕਰੀਬ ਸਾਢੇ 10 ਵਜੇ ਲਾਡੋਵਾਲੀ ਰੋਡ ’ਤੇ ਚਿੱਟੀ ਐਸਵੀਯੂ ਵਿੱਚ ਕਥਿਤ ਸ਼ਰਾਬ ਨਾਲ ਧੁੱਤ ਪੁਲੀਸ ਵਾਲਿਆਂ ਨੇ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਜੋਗਿੰਦਰ ਠਾਕੁਰ ਆਪਣੇ ਰਿਕਸ਼ਾ ਚਾਲਕ ਦੋਸਤ ਨਾਲ ਵਾਪਸ ਘਰ ਜਾ ਰਿਹਾ ਸੀ। ਠਾਕੁਰ ਰਿਕਸ਼ੇ ਦੇ ਪਿੱਛੇ ਬੈਠਾ ਸੀ, ਜਦ ਕਿ ਉਸ ਦਾ ਦੋਸਤ ਰਿਕਸ਼ਾ ਚਲਾ ਰਿਹਾ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰਿਕਸ਼ਾ ਦਾ ਪਿਛਲਾ ਹਿੱਸਾ ਚਕਨਾਚੂਰ ਹੋ ਗਿਆ। ਜ਼ਖ਼ਮੀ ਹੋਏ ਰਿਕਸ਼ਾ ਚਾਲਕ ਤੇ ਜੋਗਿੰਦਰ ਠਾਕੁਰ ਨੂੰ ਕਥਿਤ ਸ਼ਰਾਬੀ ਪੁਲੀਸ ਮੁਲਾਜ਼ਮ ਛੱਡ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਨਵੀਂ ਬਰਾਂਦਰੀ ਦੀ ਪੁਲੀਸ ਮੌਕੇ ’ਤੇ ਪਹੁੰਚੀ ਤੇ ਉਨ੍ਹਾਂ ਜ਼ਖ਼ਮੀਆਂ ਨੂੰ ਆਪਣੀ ਗੱਡੀ ਵਿੱਚ ਹਸਪਤਾਲ ਪਹੁੰਚਾਇਆ।ਪੁਲੀਸ ਵਾਲਿਆਂ ਨੇ ਜਿਹੜੀ ਗੱਡੀ ਨਾਲ ਰਿਕਸ਼ਾ ਨੂੰ ਟੱਕਰ ਮਾਰੀ ਸੀ ਉਸ ਵਿੱਚ ਪੁਲੀਸ ਕਮਿਸ਼ਨਰ ਵੱਲੋਂ ਦਿੱਤੇ ਪ੍ਰੰਸ਼ਸਾਂ ਪੱਤਰ ਅਤੇ ਸ਼ਰਾਬ ਦੀ ਬੋਤਲ ਵੀ ਪਈ ਸੀ। ਜਿਸ ਟੀਮ ਨੂੰ ਪੁਲੀਸ ਕਮਿਸ਼ਨਰ ਨੇ ਦਿਨ ਵੇਲੇ ਇਸ ਗੱਲੋਂ ਸ਼ਾਬਾਸ਼ ਦਿੱਤੀ ਸੀ ਕਿ ਉਨ੍ਹਾਂ ਨੇ ਡਲਹੌਜੀ ਤੋਂ ਕੁਝ ਮੁਲਜ਼ਮਾਂ ਨੂੰ ਫੜਿਆ ਸੀ, ਜਿਹੜੇ ਇੱਕ ਕੇਸ ਵਿੱਚ ਲੋੜੀਦੇ ਸਨ।ਜਾਂਚ ਅਧਿਕਾਰੀ ਏਐਸਆਈ ਮਨੋਹਰ ਲਾਲ ਨੇ ਕਿਹਾ ਕਿ ਇੱਕ ਹੈੱਡ ਕਾਂਸਟੇਬਲ ਗੱਡੀ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਅਗਲੀ ਸੀਟ ’ਤੇ ਉਸ ਦਾ ਦੋਸਤ ਬੈਠਾ ਸੀ। ਹਾਦਸੇ ਤੋਂ ਬਾਅਦ ਦੋਵੇਂ ਫ਼ਰਾਰ ਹੋ ਗਏ। ਪੀਸੀਆਰ ਟੀਮ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿਥੇ ਉਹ ਦਮ ਤੋੜ ਗਿਆ। ਪੁਲੀਸ ਨੇ ਗੱਡੀ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਅਤੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਦਿੱਤੇ ਗਏ ਪ੍ਰਸੰਸਾ ਪੱਤਰ ਵੀ ਬਰਾਮਦ ਕੀਤੇ।ਆਈਪੀਸੀ ਦੀ ਧਾਰਾ 304 ਏ, 427 ਅਤੇ 279 ਤਹਿਤ ਹੈੱਡ ਕਾਂਸਟੇਬਲ ਅਮਿਤ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ। ਜੋਗਿੰਦਰ ਸਿੰਘ ਦੀ ਪਤਨੀ, ਤਿੰਨ ਧੀਆਂ ਅਤੇ ਇੱਕ ਪੁੱਤਰ ਹੈ। ਉਹ 35 ਸਾਲਾਂ ਤੋਂ ਇੱਥੇ ਰਹਿ ਰਿਹਾ ਸੀ ਅਤੇ ਹੋਟਲ ਨੇੜੇ ਤੰਬਾਕੂ ਅਤੇ ਸੁਪਾਰੀ ਦੇ ਖੋਖਾ ਚਲਾ ਰਿਹਾ ਸੀ। ਮ੍ਰਿਤਕ ਦੇ ਭਾਣਜੇ ਮਿਥਲੇਸ਼ ਕੁਮਾਰ ਨੇ ਕਿਹਾ ਕਿ ਪਰਿਵਾਰ ਚਾਹੁੰਦਾ ਹੈ ਕਿ ਕੇਸ ਅੱਗੇ ਵਧਿਆ ਜਾਵੇ ਅਤੇ ਦੋਸ਼ੀ ਪੁਲੀਸ ਮੁਲਜ਼ਮਾਂ ਨੂੰ ਸਜ਼ਾ ਮਿਲੇ।