ਸਰਕਾਰ ਨੇ ਨੋਟਬੰਦੀ ਰਾਹੀਂ ਆਮ ਲੋਕਾਂ ਦਾ ਲੱਕ ਤੋੜਿਆ: ਰਾਹੁਲ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਆਖਿਆ ਕਿ ਦੇਸ਼ ਦੀ ਤਰੱਕੀ ਦੇ ਸੂਤਰਧਾਰ ਉੱਥੋਂ ਦੇ ਲੋਕ ਹੁੰਦੇ ਹਨ ਤੇ ਕੋਈ ਇਕੱਲਾ ਇਕਹਿਰਾ ਵਿਅਕਤੀ ਸਮੁੱਚੀ ਸੱਤਾ ਆਪਣੇ ਹੱਥਾਂ ਵਿਚ ਇਕੱਠੀ ਕਰ ਕੇ ਦੇਸ਼ ਨਹੀਂ ਚਲਾ ਸਕਦਾ।
ਇੱਥੇ ਪਾਰਟੀ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੂੰ ਵਹਿਮ ਹੈ ਕਿ ਦੇਸ਼ ਦਾ ਵਿਕਾਸ 2014 ਤੋਂ ਬਾਅਦ ਹੀ ਸ਼ੁਰੂ ਹੋਇਆ ਜਦੋਂ ਉਹ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠੇ ਸਨ। ਉਹ ਨਹੀਂ ਜਾਣਦੇ ਕਿ ਦੇਸ਼ ਨੂੰ ਲੋਕ ਚਲਾਇਆ ਕਰਦੇ ਹਨ ਨਾ ਕਿ ਕੋਈ ਇਕ ਵਿਅਕਤੀ। ਉਹ ਇਹੋ ਜਿਹੇ ਬਿਆਨ ਦੇ ਕੇ ਲੋਕਾਂ ਦੀ ਸ਼ਕਤੀ ਦਾ ਅਪਮਾਨ ਕਰ ਰਹੇ ਹਨ।’’
ਕਾਂਗਰਸ ਨੇਤਾ ਨੇ ਕਿਹਾ ਕਿ ਨੋਟਬੰਦੀ ਤੇ ਜੀਐਸਟੀ ਦਾ ਮਕਸਦ ਕਿਸਾਨਾਂ, ਛੋਟੇ ਤੇ ਦਰਮਿਆਨੇ ਕਾਰੋਬਾਰੀਆਂ ਤੇ ਵਪਾਰੀਆਂ ਦੀ ਕਮਰ ਤੋੜਨਾ ਸੀ ਪਰ ਕਾਂਗਰਸ ਸੱਤਾ ਵਿਚ ਆ ਕੇ ਇਨ੍ਹਾਂ ਤਬਕਿਆਂ ਨੂੰ ਮੁੜ ਪੈਰਾਂ ’ਤੇ ਖੜਾ ਕਰੇਗੀ। ਕਾਂਗਰਸ ਵੱਡੇ ਸਨਅਤਕਾਰਾਂ ਦੇ ਖਿਲਾਫ਼ ਨਹੀਂ ਹੈ ਪਰ ਜੇ ਸਰਕਾਰ ਕੋਈ ਰਿਆਇਤ ਦੇਣਾ ਚਾਹੁੰਦੀ ਹੈ ਤਾਂ ਛੋਟੇ ਤੇ ਦਰਮਿਆਨੇ ਕਾਰੋਬਾਰੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਨੀਰਵ ਮੋਦੀ, ਮੇਹੁਲ ਚੋਕਸੀ, ਵਿਜੈ ਮਾਲਿਆ ਦੇਸ਼ ਦੇ ਲੋਕਾਂ ਦੇ ਹਜ਼ਾਰਾਂ ਕਰੋੜ ਰੁਪਏ ਡਕਾਰ ਕੇ ਫ਼ਰਾਰ ਹੋ ਗਏ। ਮੋਦੀ ਸਰਕਾਰ ਇਨ੍ਹਾਂ ਨੂੰ ਵਾਪਸ ਲਿਆਉਣ ਲਈ ਕੁਝ ਨਹੀਂ ਕਰ ਰਹੀ ਤੇ ਪ੍ਰਧਾਨ ਮੰਤਰੀ ਚੁੱਪ ਵੱਟੀਂ ਰੱਖਦੇ ਹਨ। ਜੇ ਰਾਫ਼ਾਲ ਦੀ ਸਹੀ ਤਰਾਂ ਜਾਂਚ ਕੀਤੀ ਜਾਵੇ ਤਾਂ ਇਸ ਘੁਟਾਲੇ ’ਚੋਂ ਨਰਿੰਦਰ ਮੋਦੀ ਤੇ ਅਨਿਲ ਅੰਬਾਨੀ ਦੇ ਨਾਂ ਸਾਹਮਣੇ ਆਉਣਗੇ। ਸਰਕਾਰੀ ਖੇਤਰ ਦੀ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਨੂੰ ਛੱਡ ਕੇ ਅੰਬਾਨੀ ਦੀ ਕੰਪਨੀ ਨੂੰ ਠੇਕਾ ਦਿਵਾ ਦਿੱਤਾ ਗਿਆ।