ਮੋਦੀ ਨੇ ਸੁਪਰੀਮ ਕੋਰਟ ਸਾਹਮਣੇ ‘ਚੋਰੀ’ ਮੰਨੀ: ਰਾਹੁਲ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਪਰੀਮ ਕੋਰਟ ਸਾਹਮਣੇ ਰਾਫ਼ਾਲ ਸੌਦੇ ਵਿਚ ਕੀਤੀ ‘ਚੋਰੀ’ ਮੰਨ ਲਈ ਹੈ ਕਿ ਭਾਰਤੀ ਹਵਾਈ ਫ਼ੌਜ ਨੂੰ ਪੁੱਛੇ ਬਗ਼ੈਰ ਕੰਟ੍ਰੈਕਟ ਵਿਚ ਰੱਦੋਬਦਲ ਕੀਤੀ ਗਈ ਸੀ। ਹਿੰਦੀ ਵਿਚ ਕੀਤੇ ਇਕ ਟਵੀਟ ਵਿਚ ਕਾਂਗਰਸ ਆਗੂ ਨੇ ਕਿਹਾ ‘‘ ਮੋਦੀ ਜੀ ਨੇ ਸੁਪਰੀਮ ਕੋਰਟ ਵਿਚ ਆਪਣੀ ਚੋਰੀ ਮੰਨ ਲਈ ਹੈ। ਹਲਫ਼ਨਾਮੇ ਵਿਚ ਉਨ੍ਹਾਂ ਮੰਨਿਆ ਹੈ ਕਿ ਹਵਾਈ ਫ਼ੌਜ ਨੂੰ ਪੁੱਛੇ ਬਗ਼ੈਰ ਕੰਟ੍ਰੈਕਟ ਵਿਚ ਰੱਦੋਬਦਲ ਕੀਤੀ ਗਈ ਸੀ ਤੇ 30 ਹਜ਼ਾਰ ਕਰੋੜ ਰੁਪਏ ਅੰਬਾਨੀ ਦੀ ਜੇਬ੍ਹ ਵਿਚ ਪਾ ਦਿੱਤੇ ਗਏ ਸਨ। ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ।’’ ਕੇਂਦਰ ਨੇ ਕੱਲ੍ਹ ਫਰਾਂਸ ਤੋਂ 36 ਰਾਫਾਲ ਜਹਾਜ਼ ਖਰੀਦਣ ਲਈ ਸਮਝੌਤੇ ਸਬੰਧੀ 14 ਸਫ਼ਿਆਂ ਦਾ ਹਲਫ਼ਨਾਮਾ ਦਾਖ਼ਲ ਕਰਾਇਆ ਸੀ ਜਿਸ ਵਿਚ ਜਹਾਜ਼ਾਂ ਦੀ ਕੀਮਤ ਤੇ ਹੋਰ ਵੇਰਵੇ ਸਾਂਝੇ ਕੀਤੇ ਸਨ।