ਕੰਪਨੀ ਦੇ ਕਰਿੰਦੇ ਨੂੰ ਗੋਲੀ ਮਾਰ ਕੇ 5.72 ਲੱਖ ਰੁਪਏ ਲੁੱਟੇ

ਅੱਜ ਇਥੇ ਦਿਨ ਦਿਹਾੜੇ ਹਥਿਆਰਬੰਦ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਨਿੱਜੀ ਕੰਪਨੀ ਦੇ ਕਰਿੰਦੇ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਤੇ ਮਗਰੋਂ ਉਸ ਕੋਲੋਂ 5.72 ਰੁਪਏ ਦੀ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਜ਼ਖਮੀ ਦੀ ਪਛਾਣ ਸੁਖਦੀਪ ਸਿੰਘ (29) ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਨੰਗਲ ਖੂੰਗਾ ਥਾਣਾ ਟਾਂਡਾ ਵਜੋਂ ਹੋਈ ਹੈ ਜਿਸ ਨੂੰ ਦਸੂਹਾ ਦੇ ਸਿਵਲ ਹਸਤਪਤਾਲ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਮੁੱਢਲੀ ਮੈਡੀਕਲ ਸਹਾਇਤਾ ਦੇਣ ਮਗਰੋਂ ਜਲੰਧਰ ਦੇ ਇਕ ਹਸਪਤਾਲ ਰੈਫਰ ਕਰ ਦਿੱਤਾ।
ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਦਸੂਹਾ ਏ.ਆਰ. ਸ਼ਰਮਾ ਤੇ ਥਾਣਾ ਮੁਖੀ ਜਗਦੀਸ਼ ਰਾਜ ਅੱਤਰੀ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ। ਜਾਣਕਾਰੀ ਮੁਤਾਬਕ ਸੁਖਦੀਪ ਸਿੰਘ ਜੋ ਸੀਐਮਐਸ ਪ੍ਰਾਈਵੇਟ ਲਿਮਿਟਡ ਕੰਪਨੀ ਵਿੱਚ ਵੱਖ ਵੱਖ ਥਾਵਾਂ ਤੋਂ ਨਗਦੀ ਇਕੱਤਰ ਕਰਕੇ ਬੈਂਕ ਵਿੱਚ ਜਮ੍ਹਾਂ ਕਰਵਾਉਣ ਦਾ ਕੰਮ ਕਰਦਾ ਹੈ ਅੱਜ ਕਰੀਬ 12 ਵਜੇ ਮੈਕਡੋਨਲਡ ਤੋਂ 5.72 ਲੱਖ ਰੁਪਏ ਦੀ ਨਕਦੀ ਵਾਲਾ ਬੈਗ ਲੈ ਕੇ ਆਪਣੇ ਮੋਟਰਸਾਈਕਲ ‘ਤੇ ਐਕਸਿਸ ਬੈਂਕ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਕਿ ਜਦੋਂ ਉਹ ਕੌਮੀ ਮਾਰਗ ਦੇ ਉਸਮਾਨ ਸ਼ਹੀਦ ਨੇੜਲੇ ਰੇਲਵੇ ਫਾਟਕ ਸਾਹਮਣੇ ਪੁੱਜਾ ਤਾਂ ਹਥਿਆਰਬੰਦ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸੁਖਦੀਪ ਨੂੰ ਘੇਰ ਕੇ ਉਸ ਕੋਲੋਂ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ, ਜਦੋਂ ਸੁਖਦੀਪ ਨੇ ਇਸ ਦਾ ਵਿਰੋਧ ਕੀਤਾ ਤਾਂ ਇਕ ਲੁਟੇਰੇ ਨੇ ਉਸ ਦੀ ਸੱਜੀ ਲੱਤ ’ਤੇ ਗੋਲੀ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ ਉਸ ਦਾ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ।
ਗੌਰਤਲਬ ਹੈ ਕਿ ਇਥੇ ਕਈ ਦਿਨਾਂ ਤੋਂ ਤਿੰਨ ਮੈਂਬਰੀ ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰੇ ਸਰਗਰਮ ਹਨ ਜਿਨ੍ਹਾਂ ਇਕ ਹਫਤੇ ਵਿੱਚ ਲੁੱਟ-ਖੋਹ ਦੀਆਂ ਕਰੀਬ 15 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਸ ਸਬੰਧੀ ਪੁਲੀਸ ਦੀ ਮਨਫੀ ਕਾਰਗੁਜ਼ਾਰੀ ਕਾਰਨ ਲੋਕਾਂ ਵਿੱਚ ਰੋਹ ਦੀ ਲਹਿਰ ਹੈ।