ਭਾਰਤ-ਚੀਨ ਦਰਮਿਆਨ ਮੱਤਭੇਦ ‘ਦੀਵਾਰ’ ਨਾ ਬਣਨ: ਸੀਤਾਰਾਮਨ

ਭਾਰਤ ਅਤੇ ਚੀਨ ਦਰਮਿਆਨ ਵੱਖ ਵੱਖ ਮਸਲਿਆਂ ਨੂੰ ਲੈ ਕੇ ਗੱਲਬਾਤ ਦੀ ਵਕਾਲਤ ਕਰਦਿਆਂ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਐਤਵਾਰ ਨੂੰ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਮਤਭੇਦਾਂ ਨੂੰ ਝਗੜਿਆਂ ਦਾ ਰੂਪ ਅਖ਼ਤਿਆਰ ਨਹੀਂ ਕਰਨ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ,‘‘ਦੋਵੇਂ ਭਾਰਤ ਅਤੇ ਚੀਨ ਨੂੰ ਇਕ ਦੂਜੇ ਦਾ ਆਦਰ ਕਰਦਿਆਂ ਮਸਲਿਆਂ ਦਾ ਹੱਲ ਵਾਰਤਾ ਰਾਹੀਂ ਕੱਢਣਾ ਚਾਹੀਦਾ ਹੈ। ਦੋਵੇਂ ਮੁਲਕਾਂ ਨੂੰ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਹੱਥ ਮਿਲਾਉਣੇ ਚਾਹੀਦੇ ਹਨ।’’ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਕਾਰ ਰੱਖਿਆ, ਸਰਹੱਦੀ, ਕਾਰੋਬਾਰ ਅਤੇ ਹਿੰਦ ਮਹਾਸਾਗਰ ’ਚ ਭਾਰਤੀ ਤੇ ਚੀਨੀ ਫ਼ੌਜਾਂ ਦੀ ਮੌਜੂਦਗੀ ਜਿਹੇ ਵੱਖ ਵੱਖ ਮਸਲੇ ਹਨ ਜਿਨ੍ਹਾਂ ਦਾ ਲਗਾਤਾਰ ਵਾਰਤਾ ਰਾਹੀਂ ਹੱਲ ਕੱਢਿਆ ਜਾ ਸਕਦਾ ਹੈ। ਉਨ੍ਹਾਂ ਕਿਹਾ,‘‘ਮੁਕਾਬਲੇਬਾਜ਼ੀ ਸਾਧਾਰਨ ਜਿਹੀ ਗੱਲ ਹੈ ਪਰ ਇਸ ਨੂੰ ਸੰਘਰਸ਼ ਦਾ ਰੂਪ ਨਹੀਂ ਲੈਣਾ ਚਾਹੀਦਾ ਹੈ। ਮਸਲਿਆਂ ਦੇ ਹੱਲ ਵਾਰਤਾ ਨਾਲ ਹੀ ਨਿਕਲ ਸਕਦੇ ਹਨ। ਪਰ ਇਸ ਲਈ ਦੋਵੇਂ ਮੁਲਕਾਂ ਵਿਚਕਾਰ ਆਪਸੀ ਵਿਸ਼ਵਾਸ ਹੋਣਾ ਚਾਹੀਦਾ ਹੈ।’’
ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਆਰਐਸਐਸ ਕਾਰਕੁਨ ਰੁਤੁਮ ਕਾਮਗੋ ਸਬੰਧੀ ਸਤਵੇਂ ਯਾਦਗਾਰੀ ਭਾਸ਼ਨ ‘ਉਭਰਦੇ ਏਸ਼ੀਆ ਲਈ ਹਿੰਦ-ਚੀਨ ਸਬੰਧਾਂ ਦੀ ਬਿਹਤਰੀ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਮੰਤਰ ਸਨਮਾਨ, ਸੰਵਾਦ, ਸਹਿਯੋਗ, ਸ਼ਾਂਤੀ ਅਤੇ ਸਮਰਿੱਧੀ ਦਾ ਹਵਾਲਾ ਦਿੱਤਾ। ਮੁੱਖ ਮੰਤਰੀ ਪੇਮਾ ਖਾਂਡੂ ਵੱਲੋਂ ਚੀਨ ਨਾਲ ਵਪਾਰ ਲਈ ਬਾਮ ਲਾ ਦੱਰਾ ਖੋਲ੍ਹਣ ਦੀ ਤਜਵੀਜ਼ ਬਾਰੇ ਸੀਤਾਰਾਮਨ ਨੇ ਕਿਹਾ ਕਿ ਦੋਵੇਂ ਮੁਲਕਾਂ ਦੇ ਸਰਹੱਦੀ ਪਿੰਡਾਂ ਤੋਂ ਵਪਾਰ ਸੰਭਵ ਹੈ।