ਪਰਾਲੀ ਸਾੜਨ ਵਾਲੇ ਖੇਤਾਂ ਦੀ ਸ਼ਨਾਖਤ ਕਰਨ ਗਏ ਅਧਿਕਾਰੀਆਂ ਦਾ ਘੇਰਾਓ

ਪਰਾਲੀ ਸਾੜਨ ਵਾਲੇ ਖੇਤਾਂ ਦੀ ਸ਼ਨਾਖਤ ਲਈ ਆਏ ਅਧਿਕਾਰੀਆਂ ਦਾ ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਤੇ ਬਲਾਕ ਪ੍ਰਧਾਨ ਨਾਹਰ ਸਿੰਘ ਦੀ ਅਗਵਾਈ ਵਿੱਚ ਇਕੱਤਰ ਹੋਏ ਕਿਸਾਨਾਂ ਨੇ ਘੇਰਾਓ ਕਰ ਲਿਆ।
ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਤੇ ਬਲਾਕ ਪ੍ਰਧਾਨ ਨਾਹਰ ਸਿੰਘ ਨੇ ਦੱਸਿਆ ਕਿ ਕਸਬੇ ਦੇ ਗੁੰਮਟੀ ਰੋਡ ਵਾਲੇ ਖੇਤਾਂ ਵਿੱਚ ਕਾਨੂੰਗੋ ਬਲੌਰ ਸਿੰਘ, ਸਕੱਤਰ ਬਲਵੰਤ ਸਿੰਘ ਨੱਥਾ ਭੁੱਲਰ ਤੇ ਸਕੱਤਰ ਬਲਵੰਤ ਸਿੰਘ ਗਾਹਲਾ ਜਦੋਂ ਪਰਾਲੀ ਸਾੜਨ ਵਾਲੇ ਖੇਤਾਂ ਦੀ ਸ਼ਨਾਖਤ ਕਰ ਰਹੇ ਸਨ ਤਾਂ ਖੇਤਾਂ ਵਾਲੇ ਕਿਸਾਨਾਂ ਨੇ ਇਸਦੀ ਸੂਚਨਾ ਯੁਨੀਅਨ ਆਗੂਆਂ ਨੂੰ ਦਿੱਤੀ ਤਾਂ ਜਲਦੀ ਹੀ ਯੂਨੀਅਨ ਦੇ ਆਗੂ ਤੇ ਵਰਕਰ ਖੇਤਾਂ ਵਿੱਚ ਪਹੁੰਚ ਗਏ ਜਿੱਥੇ ਕਾਨੂੰਗੋ ਬਲੌਰ ਸਿੰਘ ਤਾਂ ਉਥੋਂ ਨਿਕਲਣ ਵਿੱਚ ਸਫਲ ਹੋ ਗਏ ਪਰ ਦੋਨਾਂ ਸਕੱਤਰਾਂ ਦਾ ਕਿਸਾਨਾਂ ਨੇ ਘੇਰਾਓ ਕਰ ਲਿਆ। ਅਧਿਕਾਰੀਆਂ ਦੇ ਘੇਰਾਓ ਦਾ ਪਤਾ ਚੱਲਦਿਆਂ ਹੀ ਥਾਣਾ ਫੂਲ ਦੀ ਪੁਲੀਸ ਮੌਕੇ ਉਤੇ ਪਹੁੰਚ ਗਈ ਜਿਨ੍ਹਾਂ ਦੀ ਹਾਜ਼ਰੀ ਵਿੱਚ ਦੋਨਾਂ ਸਕੱਤਰਾਂ ਨੇ ਕਿਸਾਨਾਂ ਨੂੰ ਲਿਖਤੀ ਤੌਰ ’ਤੇ ਦਿੱਤਾ ਕਿ ਉਹ ਅੱਗੇ ਤੋਂ ਖੇਤਾਂ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਸ਼ਨਾਖਤ ਕਰਨ ਲਈ ਨਹੀਂ ਜਾਣਗੇ। ਇਸ ਮਗਰੋਂ ਕਿਸਾਨਾਂ ਨੇ ਦੋਨਾਂ ਅਧਿਕਾਰੀਆਂ ਦਾ ਘਿਰਾਓ ਖਤਮ ਕਰ ਦਿੱਤਾ।
ਇਸ ਸਬੰਧੀ ਸਕੱਤਰ ਬਲਵੰਤ ਸਿੰਘ ਨੱਥਾ ਭੁੱਲਰ ਨੇ ਕਿਹਾ ਕਿ ਉਨ੍ਹਾਂ ਨੂੰ ਕਸਬੇ ਦੇ ਗੁੰਮਟੀ ਰੋਡ ਦੇ ਖੇਤਾਂ ਵਿੱਚ ਅੱਗ ਲੱਗਣ ਬਾਰੇ ਲੁਕੇਸ਼ਨ ਮਿਲੀ ਸੀ ਅਤੇ ਖੇਤਾਂ ਦੀ ਸ਼ਨਾਖਤ ਕਰਨ ਲਈ ਉਹ ਕਾਨੂੰਗੋ ਬਲੌਰ ਸਿੰਘ ਤੇ ਸਕੱਤਰ ਬਲਵੰਤ ਸਿੰਘ ਗਾਹਲਾ ਨਾਲ ਖੇਤਾਂ ਵਿੱਚ ਗਏ ਸਨ ਪਰ ਕਿਸਾਨਾਂ ਵੱਲੋਂ ਉਨ੍ਹਾਂ ਦਾ ਘੇਰਾਓ ਕਰ ਲਿਆ ਗਿਆ ਸੀ ਅਤੇ ਸਹਿਕਾਰੀ ਸਭਾ ਮੁਲਾਜ਼ਮ ਯੁਨੀਅਨ ਦੇ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਵੱਲੋਂ ਘਿਰਾਓ ਵਾਲੇ ਸਥਾਨ ’ਤੇ ਪਹੁੰਚ ਕੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਦੀ ਜ਼ਿਲ੍ਹਾ ਬਠਿੰਡਾ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਅੱਜ ਤੋਂ ਬਾਅਦ ਜ਼ਿਲ੍ਹੇ ਵਿੱਚ ਸਹਿਕਾਰੀ ਸਭਾਵਾਂ ਦੇ ਸਕੱਤਰ ਪਰਾਲੀ ਸਾੜਨ ਵਾਲੇ ਖੇਤਾਂ ਦੀ ਸ਼ਨਾਖਤ ਕਰਨ ਲਈ ਨਹੀਂ ਜਾਣਗੇ।