ਹਥਿਆਰਬੰਦ ਲੁਟੇਰਿਆਂ ਨੇ 1200 ਗੱਟੇ ਕਣਕ ਲੁੱਟੀ

ਮਲੋਟ ਤੋਂ ਬਠਿੰਡਾ ਰੋਡ ਉੱਤੇ ਸਥਿਤ ਇੱਕ ਕਣਕ ਦੇ ਗੁਦਾਮ ਵਿੱਚੋਂ ਕੈਂਟਰ ਉੱਤੇ ਆਏ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰਿਆਂ ਨੇ ਮੌਕੇ ’ਤੇ ਮੌਜੂਦ 2 ਚੌਕੀਦਾਰਾਂ ਨੂੰ ਬੰਧਕ ਬਣਾ ਕੇ ਕਰੀਬ 1200 ਗੱਟਾ ਕਣਕ ਦਾ ਲੁੱਟ ਲਿਆ ਅਤੇ ਭੱਜਣ ਵਿੱਚ ਸਫ਼ਲ ਹੋ ਗਏ। ਉਹ ਜਾਂਦੇ-ਜਾਂਦੇ ਚੌਕੀਦਾਰਾਂ ਦੇ ਮੋਬਾਈਲ ਫ਼ੋਨ ਵੀ ਨਾਲ ਲੈ ਗਏ।
ਘਟਨਾ ਸਬੰਧੀ ਸੂਚਨਾ ਮਿਲਦੇ ਹੀ ਫੂਡ ਸਪਲਾਈ ਵਿਭਾਗ ਅਤੇ ਪੁਲੀਸ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਫ਼ੂਡ ਸਪਲਾਈ ਕੰਟਰੋਲਰ ਦਿਵਾਨ ਚੰਦ ਸ਼ਰਮਾ ਨੇ ਦੱਸਿਆ ਕਿ ਕੈਂਟਰ ਉੱਤੇ ਆਏ ਲੁਟੇਰਿਆਂ ਨੇ ਚੌਕੀਦਾਰਾਂ ਨੂੰ ਬੰਨ੍ਹ ਕੇ ਹਥਿਆਰਾਂ ਦੀ ਨੋਕ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਦੇ ਜਾਣ ਤੋਂ ਬਾਅਦ ਚੌਕੀਦਾਰਾਂ ਨੇ ਜਿਵੇਂ ਕਿਵੇਂ ਆਪਣੇ ਹੱਥ ਖੋਲ੍ਹ ਕੇ ਨੇੜੇ ਸਥਿਤ ਗੁਦਾਮ ਵਿੱਚ ਜਾ ਕੇ ਘਟਨਾ ਸਬੰਧੀ ਇੰਸਪੈਕਟਰ ਪੰਕਜ ਕੁਮਾਰ ਨੂੰ ਸੂਚਿਤ ਕੀਤਾ, ਜਿਨ੍ਹਾਂ ਅੱਗੇ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਮੌਕੇ ਉੱਤੇ ਪਹੁੰਚੀ ਪੁਲੀਸ ਨੇ ਚੌਕੀਦਾਰਾਂ ਦੇ ਬਿਆਨ ਲਿਖ ਕੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇੰਸਪੈਕਟਰ ਪੰਕਜ ਕੁਮਾਰ ਨੇ ਦੱਸਿਆ ਕਿ ਇਹ ਗੋਦਾਮ ਇੰਸਪੈਕਟਰ ਰੋਹਿਤ ਕਾਲੜਾ, ਨਰਾਇਣ ਕੁਮਾਰ ਅਤੇ ਵਰਿੰਦਰ ਸਿੰਘ ਦੀ ਦੇਖ-ਰੇਖ ਹੇਠ ਸੀ ਅਤੇ ਜਿਥੋਂ ਤੱਕ ਨੁਕਸਾਨ ਦੀ ਗੱਲ ਹੈ ਉਹ ਵਿਭਾਗ ਵੱਲੋਂ ਨਿਰਧਾਰਤ ਕਮੇਟੀ ਵੱਲੋਂ ਕੀਤੀ ਗਿਣਤੀ ਉਪਰੰਤ ਹੀ ਸਪਸ਼ਟ ਹੋਵੇਗਾ। ਪਹਿਲੀ ਨਜ਼ਰੇ ਨੁਕਸਾਨ ਦਾ ਅੰਦਾਜ਼ਾ 30 ਕਿਲੋ ਵਾਲੇ 1200 ਦੇ ਕਰੀਬ ਗੱਟਿਆਂ ਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਖੇਤਰ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ।