ਬਰਤਾਨੀਆ ’ਚ ਸਥਾਪਤ ਕੀਤਾ ਸਿੱਖ ਫੌਜੀ ਦਾ ਬੁੱਤ ਤੋੜਿਆ

ਲੰਡਨ- ਕੁਝ ਦਿਨ ਪਹਿਲਾਂ ਬਰਤਾਨੀਆ ਦੇ ਵੈਸਟ ਮਿੱਡਲੈਂਡਜ਼ ਇਲਾਕੇ ਦੇ ਸਮੈੱਥਵਿੱਕ ਟਾਊਨ ’ਚ ਪਹਿਲੀ ਸੰਸਾਰ ਜੰਗ ਦੀ ਯਾਦ ’ਚ ਸਥਾਪਤ ਕੀਤੇ ਗਏ ਸਿੱਖ ਫੌਜੀ ਦਾ ਬੁੱਤ ਕੁਝ ਸ਼ਰਾਰਤੀ ਤੱਤਾਂ ਨੇ ਤੋੜ ਦਿੱਤਾ ਹੈ। ਬਰਤਾਨੀਆ ਦੀ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਜਾਵੇ। ਵੈਸਟ ਮਿੱਡਲੈਂਡਜ਼ ਪੁਲੀਸ ਨੇ ਕਿਹਾ ਕਿ ਸਿੱਖ ਫੌਜੀ ਦੇ ਇਸ ਬੁੱਤ ਤੋਂ ਪਿਛਲੇ ਐਤਵਾਰ ਨੂੰ ਪਰਦਾ ਹਟਾਇਆ ਗਿਆ ਸੀ ਤੇ ਉਹ ਇਸ ਘਟਨਾ ਨੂੰ ਨਸਲੀ ਨਫਰਤ ਤਹਿਤ ਕੀਤੇ ਗਏ ਅਪਰਾਧ ਵਜੋਂ ਦੇਖ ਰਹੇ ਹਨ। ਸਾਰਜੈਂਟ ਬਿੱਲ ਗਿੱਲ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਇਸ ਘਟਨਾ ਨਾਲ ਸਿੱਖ ਭਾਈਚਾਰੇ ਨੂੰ ਕਿੰਨਾ ਦੁਖ ਪਹੁੰਚਿਆ ਹੋਵੇਗਾ। ਉਹ ਇਸ ਘਟਨਾ ਪਿਛਲੇ ਕਾਰਨਾਂ ਨੂੰ ਜਾਣਨ ਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਨ।