ਰਾਏਕੋਟ ਦੀਆਂ ਮੰਡੀਆਂ ’ਚ ਝੋਨੇ ਦੀਆਂ 14 ਲੱਖ ਬੋਰੀਆਂ ਲਿਫਟਿੰਗ ਦੀ ਉਡੀਕ ’ਚ

ਐੱਸਡੀਐੱਮ ਰਾਏਕੋਟ ਹਿਮਾਂਸ਼ੂ ਗੁਪਤਾ ਨੇ ਰਾਏਕੋਟ ਦੀਆਂ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੀ ਖਰੀਦ, ਬਾਰਦਾਨੇ ਅਤੇ ਲਿਫਟਿੰਗ ਦਾ ਜਾਇਜ਼ਾ ਲਿਆ। ਇਸ ਸਬੰਧੀ ਉਨ੍ਹਾਂ ਸੁਧਾਰ ਤੇ ਬੱਸੀਆਂ ਆਦਿ ਮੰਡੀ ਵਿੱਚ ਲਿਫਟਿੰਗ ਸਬੰਧੀ ਆ ਰਹੀਆਂ ਦਿੱਕਤਾਂ ਨੂੰ ਹੱਲ ਕਰਦਿਆਂ ਮਾਰਕੀਟ ਕਮੇਟੀ ਰਾਏਕੋਟ ਤੇ ਟਰੱਕ ਯੂਨੀਅਨ ਨੂੰ ਹਦਾਇਤਾਂ ਕਰਦੇ ਹੋਏ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਮਾਰਕੀਟ ਕਮੇਟੀ ਤੋਂ ਪ੍ਰਾਪਤ ਜਾਣਕਾਰੀ ਅਨੂਸਾਰ ਰਾਏਕੋਟ ਦੀਆਂ ਮੰਡੀਆਂ ਵਿੱਚ ਹੁਣ ਤੱਕ 19 ਲੱਖ 52 ਹਜ਼ਾਰ ਝੋਨੇ ਦੀ ਬੋਰੀ ਦੀ ਆਮਦ ਹੋਈ ਹੈ, ਜਿਸ ਵਿੱਚੋਂ 19 ਲੱਖ 37 ਹਜ਼ਾਰ ਬੋਰੀ ਦੀ ਖਰੀਦ ਹੋ ਚੁੱਕੀ ਸੀ। ਖਰੀਦੀ ਗਈ ਬੋਰੀ ਵਿੱਚੋਂ ਕੇਵਲ 9 ਲੱਖ 38 ਹਜ਼ਾਰ ਬੋਰੀ ਦੀ ਲਿਫਟਿੰਗ ਹੋਈ ਸੀ ਤੇ ਮੰਡੀਆਂ ਵਿੱਚ 14 ਲੱਖ 5 ਹਜ਼ਾਰ ਬੋਰੀ ਲਿਫਟਿੰਗ ਲਈ ਪਈ ਸੀ।
ਇਸ ਸਬੰਧੀ ਐੱਸਡੀਐੱਮ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਤਿਉਹਾਰਾਂ ਕਰਕੇ ਕੰਮ ਵਿੱਚ ਨਾਮਾਤਰ ਖੜੋਤ ਆਈ ਸੀ ਪਰ ਹੁਣ ਫੇਰ ਕੰਮ ਸਚਾਰੂ ਰੂਪ ਵਿੱਚ ਚੱਲ ਪਿਆ ਹੈ। ਉਨ੍ਹਾਂ ਕਿਹਾ ਕਿ ਸਬੰਧਿਤ ਅਧਿਕਾਰੀਆਂ ਨੂੰ ਲਿਫਟਿੰਗ ਤੇਜ਼ ਕਰਨ ਲਈ ਹਦਾਇਤ ਕੀਤੀ ਗਈ ਹੈ ਤੇ ਉਨ੍ਹਾਂ ਨੂੰ 2 ਦਿਨਾਂ ਅੰਦਰ ਰਿਪੋਰਟ ਦੇਣ ਲਈ ਕਿਹਾ ਹੈ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨੇ ਨੂੰ ਸੁਕਾ ਕੇ ਲਿਆਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਪਨਗ੍ਰੇਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਖਰੀਦ ਸਬੰਧੀ ਸਾਰੀਆਂ ਏਜੰਸੀਆਂ ਨਾਲ ਤਾਲਮੇਲ ਰੱਖਣ ਤਾਂ ਜੋ ਮੰਡੀ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਸੇ ਸਬੰਧੀ ਉਨ੍ਹਾਂ ਨੇ ਬੱਸੀਆਂ ਵਿੱਚ ਬਾਲਾ ਜੀ ਰਾਇਸ ਮਿੱਲ ਵਿੱਚ ਅਚਾਨਕ ਚੈਕਿੰਗ ਕੀਤੀ ਤੇ ਉਥੇ ਸਾਰਾ ਸਟਾਕ ਤੇ ਰਿਕਾਰਡ ਸਹੀ ਪਾਇਆ ਗਿਆ। ਇਸ ਸਬੰਧੀ ਐੱਸਡੀਐੱਮ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਮੰਡੀਆਂ ਦਾ ਕੰਮ ਸਹੀ ਰੂਪ ਵਿੱਚ ਚੱਲ ਰਿਹਾ ਹੈ।