ਕਾਂਗਰਸੀਆਂ ਵੱਲੋਂ ਨੋਟਬੰਦੀ ਦੀ ਦੂਜੀ ਵਰ੍ਹੇਗੰਢ ’ਤੇ ਰੋਸ ਧਰਨੇ

ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਵੱਲੋਂ ਸੀਨੀਅਰ ਆਗੂ ਜੈਜੀਤ ਸਿੰਘ ਜੋਹਲ ਦੀ ਸਰਪ੍ਰਸਤੀ ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ ਮੋਹਨ ਲਾਲ ਝੁੰਬਾ ਦੀ ਪ੍ਰਧਾਨਗੀ ਹੇਠ ਇਥੇ ਜ਼ਿਲ੍ਹਾ ਕਚਹਿਰੀਆਂ ਚੌਕ ਵਿੱਚ ਮੁਜ਼ਾਹਰਾ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸ੍ਰੀ ਜੋਹਲ ਨੇ ਕਿਹਾ ਕਿ ਨੋਟਬੰਦੀ ਦਾ ਫੈਸਲਾ ਦੇਸ਼ ਦੀ ਆਰਥਿਕਤਾ ਲਈ ਸਭ ਤੋਂ ਗਲਤ ਫੈਸਲਾ ਸੀ ਜੋ ਐਨਾ ਘਾਤਕ ਸਿੱਧ ਹੋਇਆ ਕਿ ਦੇਸ਼ ਦੀ ਅਰਥਵਿਵਸਥਾ ਬਰਬਾਦ ਹੋ ਗਈ। ਉਨ੍ਹਾਂ ਕਿਹਾ ਕਿ ਇਸ ਗਲਤ ਫੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਮੁਆਫ ਨਹੀਂ ਕਰਨਗੇ ਤੇ ਇਸ ਦਾ ਖਾਮਿਆਜ਼ਾ ਭਾਜਪਾ ਨੂੰ ਆਉਂਦੀਆਂ ਲੋਕ ਸਭਾ ਚੋਣਾਂ ’ਚ ਭੁਗਤਣਾ ਪਵੇਗਾ।