ਸੀਬੀਆਈ ਨੇ ਵਿਜੈ ਮਾਲਿਆ ਦੇ ਲੁੱਕ ਆਉੂਟ ਨੋਟਿਸ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ

ਸੀਬੀਆਈ ਨੇ ਸਰਕਾਰੀ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਲੈ ਕੇ ਰਫੂਚੱਕਰ ਹੋਏ ਕਾਰੋਬਾਰੀ ਵਿਜੈ ਮਾਲਿਆ ਖ਼ਿਲਾਫ਼ ਜਾਰੀ ਕੀਤੇ ਲੁੱਕ ਆਊਟ ਸਰਕੁਲਰ ਵਿਚ ਫੇਰਬਦਲ ਕਰਨ ਬਾਰੇ ਰਿਕਾਰਡ ਦਾ ਇਹ ਕਹਿ ਕੇ ਖੁਲਾਸਾ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁਣੇ ਦੇ ਵਿਹਾਰ ਦੁਰਵੇ ਵੱਲੋਂ ਪਾਈ ਆਰਟੀਆਈ ਅਰਜ਼ੀ ਦੇ ਜਵਾਬ ਵਿਚ ਏਜੰਸੀ ਨੇ ਐਕਟ ਦੀ ਧਾਰਾ 8 1 ਐਚ ਦਾ ਹਵਾਲਾ ਦੇ ਕੇ ਜਾਣਕਾਰੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਉਂਜ, ਦਿੱਲੀ ਹਾਈ ਕੋਰਟ ਨੇ ਸਪੱਸ਼ਟ ਕੀਤਾ ਸੀ ਕਿ ਜਦੋਂ ਕੋਈ ਪਬਲਿਕ ਅਥਾਰਿਟੀ ਇਸ ਧਾਰਾ ਦਾ ਹਵਾਲਾ ਦਿੰਦੀ ਹੈ ਤਾਂ ਉਸ ਨੂੰ ਤਫ਼ਸੀਲ ਨਾਲ ਦੱਸਣਾ ਪਵੇਗਾ ਕਿ ਜਾਣਕਾਰੀ ਨਸ਼ਰ ਕਰਨ ਨਾਲ ਪ੍ਰਕਿਰਿਆ ’ਤੇ ਕਿਵੇਂ ਅਸਰ ਪਵੇਗਾ ਕਿਉਂਕਿ ਨੇਮ ਖੁਲਾਸੇ ਦਾ ਹੈ ਤੇ ਛੋਟ ਅਪਵਾਦ ਹੈ।