ਦੇਸ਼ ਬਚਾਉਣ ਲਈ ਸਭ ਧਿਰਾਂ ਨੂੰ ਇਕਜੁੱਟ ਹੋਣ ਦਾ ਸੱਦਾ

ਤੇਲਗੂ ਦੇਸ਼ਮ ਪਾਰਟੀ ਦੇ ਸੁਪਰੀਮੋ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਭਾਜਪਾ ਖਿਲਾਫ ਮਹਾਗੱਠਜੋੜ ਦੀ ਕੋਸ਼ਿਸ਼ ਵਜੋਂ ਅੱਜ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ ਤੇ ਐਚ ਡੀ ਕੁਮਾਰਸਵਾਮੀ ਨਾਲ ਮੁਲਾਕਾਤ ਕੀਤੀ। ਭਾਜਪਾ ਖਿਲਾਫ ਸਾਂਝਾ ਮੋਰਚਾ ਖੜ੍ਹਾ ਕਰਨ ਲਈ ਯਤਨਸ਼ੀਲ ਨਾਇਡੂ ਨੇ ਦਾਅਵਾ ਕੀਤਾ ਕਿ ਇਸ ਵੇਲੇ ਸਾਰਾ ਦੇਸ਼ ਹੀ ਭਾਜਪਾ ਦੀ ਅਗਵਾਈ ਹੇਠਲੀ ਐਨਡੀਏ ਸਰਕਾਰ ਖਿਲਾਫ ਹੈ ਤੇ ਜਲਦੀ ਹੀ ਖੇਤਰੀ ਪਾਰਟੀਆਂ ਆਧਾਰਤ ਗਠਜੋੜ ਕਾਇਮ ਕੀਤਾ ਜਾਵੇਗਾ।
ਦੇਵਗੌੜਾ ਤੇ ਕੁਮਾਰਸਵਾਮੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗੱਠਜੋੜ ਲਈ ਮੀਟਿੰਗਾਂ ਦੇ ਸ਼ੁਰੂਆਤੀ ਦੌਰ ਜਾਰੀ ਹਨ ਤੇ ਤੌਰ ਤਰੀਕੇ ਉਲੀਕਣ ਤੋਂ ਬਾਅਦ ਅੰਤਿਮ ਰੂਪ-ਰੇਖਾ ਐਲਾਨੀ ਜਾਵੇਗੀ। ਨਾਇਡੂ ਨੇ ਕਿਹਾ ਕਿ ਉਨ੍ਹਾਂ ਮਾਇਆਵਤੀ ਤੇ ਅਖਿਲੇਸ਼ ਯਾਦਵ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹ ਸਾਰਿਆਂ ਨੂੰ ਮਿਲ ਚੁੱਕੇ ਹਨ। ਉਹ ਭਲਕੇ ਡੀਐਮਕੇ ਦੇ ਪ੍ਰਧਾਨ ਸਟਾਲਿਨ ਨਾਲ ਵੀ ਮੁਲਾਕਾਤ ਕਰਨਗੇ ਜਿਸ ਵਿਚ ਇਹ ਸਹਿਮਤੀ ਬਣਾਈ ਜਾਵੇਗੀ ਕਿ ਗੱਠਜੋੜ ਨੂੰ ਅੱਗੇ ਕਿਵੇਂ ਲੈ ਕੇ ਜਾਇਆ ਜਾਵੇ। ਕਾਂਗਰਸ ਦੇ ਨਿਸ਼ਾਨੇ ’ਤੇ ਰਹੇ ਨਾਇਡੂ ਇਸ ਗੱਲ ਦੇ ਵੀ ਵਿਰੋਧੀ ਨਹੀਂ ਹਨ ਕਿ ਇਸ ਗੱਠਜੋੜ ਲਈ ਕਾਂਗਰਸ ਨਾਲ ਵੀ ਗੱਲਬਾਤ ਕੀਤੀ ਜਾਵੇ ਪਰ ਉਨ੍ਹਾਂ ਪ੍ਰਧਾਨ ਮੰਤਰੀ ਉਮੀਦਵਾਰ ਬਾਰੇ ਜਵਾਬ ਦੇਣ ਤੋਂ ਟਾਲਾ ਵੱਟ ਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਮੁੱਖ ਵਿਰੋਧੀ ਪਾਰਟੀ ਹੈ।
ਚੰਦਰਬਾਬੂ ਨਾਇਡੂ ਨੇ ਅੱਜ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੀਬੀਆਈ ਤੇ ਆਰਬੀਆਈ ਸਮੇਤ ਸਾਰੀਆਂ ਸੰਸਥਾਵਾਂ ਨੂੰ ਐਨਡੀਏ ਸਰਕਾਰ ਨੇ ਤਬਾਹ ਕਰ ਕੇ ਰੱਖ ਦਿੱਤਾ ਹੈ। ਦੇਵਗੌੜਾ ਤੇ ਕੁਮਾਰਸਵਾਮੀ ਨਾਲ ਮੁਲਾਕਾਤ ਤੋਂ ਬਾਅਦ ਸ੍ਰੀ ਨਾਇਡੂ ਨੇ ਕਿਹਾ ਕਿ ਗੱਠਜੋੜ ਵਲੋਂ ਸਾਲ 1996 ਵਾਲੇ ਮਾਡਲ ਦਾ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ ਜਦੋਂ ਕਾਂਗਰਸ ਦੀ ਬਾਹਰੀ ਮਦਦ ਨਾਲ ਦੇਵਗੌੜਾ ਪ੍ਰਧਾਨ ਮੰਤਰੀ ਬਣੇ ਸਨ। ਦੇਵਗੌੜਾ ਨੇ ਕਿਹਾ ਕਿ ਐਨਡੀਏ ਸਰਕਾਰ ਨੂੰ ਬਦਲਣ ਲਈ ਕਾਂਗਰਸ ਸਮੇਤ ਧਰਮ ਨਿਰਪੱਖ ਪਾਰਟੀਆਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ। ਕੁਮਾਰਸਵਾਮੀ ਨੇ ਦਾਅਵਾ ਕੀਤਾ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਸਾਲ 1996 ਵਰਗੇ ਹੀ ਹੋਣਗੇ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਦਸੰਬਰ ਦੇ ਅੰਤ ਜਾਂ ਜਨਵਰੀ ਦੇ ਸ਼ੁਰੂ ਵਿਚ ਵੱਡੀ ਰੈਲੀ ਕੀਤੀ ਜਾਵੇਗੀ ਜਿਸ ਵਿਚ ਭਾਜਪਾ ਵਿਰੋਧੀ ਪਾਰਟੀਆਂ ਨੂੰ ਸੱਦਾ ਦਿੱਤਾ ਜਾਵੇਗਾ।