ਹਾਈ ਅਲਰਟ ਦੇ ਬਾਵਜੂਦ ਦੇਰ ਰਾਤ ਤੱਕ ਖ੍ਰੀਦਦਾਰੀ ਕਰਦੇ ਰਹੇ ਲੋਕ

ਸੂਬੇ ’ਚ ਦੀਵਾਲੀ ਵਾਲੇ ਦਿਨ ਕੋਈ ਅਣਸੁਖਾਵੀਂ ਘਟਨਾ ਹੋਣ ਦੇ ਖਦਸ਼ੇ ਤੋਂ ਬਾਅਦ ਪੂਰੇ ਸਨਅਤੀ ਸ਼ਹਿਰ ’ਚ ਪੁਲੀਸ ਵੱਲੋਂ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ। ਮੁੱਖ ਮੰਤਰੀ ਨੇ ਸ਼ਹਿਰ ਵਾਸੀਆਂ ਨੂੰ ਇਸ ਔਖੀ ਘੜੀ ’ਚ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ, ਪਰ ਸਨਅਤੀ ਸ਼ਹਿਰ ’ਚ ਲੱਗੀਆਂ ਦੀਵਾਲੀ ਦੀਆਂ ਰੌਣਕਾਂ ਸਾਹਮਣੇ ਹਾਈ ਅਲਰਟ ਫਿੱਕਾ ਨਜ਼ਰ ਆ ਰਿਹਾ ਹੈ। ਦੀਵਾਲੀ ਦੀ ਖਰੀਦਦਾਰੀ ਲਈ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਤੇ ਬਾਜ਼ਾਰ ਪੂਰੀ ਤਰ੍ਹਾ ਸਜੇ ਹੋਏ ਸਨ। ਸ਼ਹਿਰਵਾਸੀਆਂ ਨੇ ਦੇਰ ਰਾਤ ਤੱਕ ਦੀਵਾਲੀ ਦੀ ਖ੍ਰੀਦੋ ਫਰੋਖਤ ਕੀਤੀ। ਸਭ ਤੋਂ ਜ਼ਿਆਦਾ ਭੀੜ ਪਟਾਕੇ ਤੇ ਮਠਿਆਈ ਦੀਆਂ ਦੁਕਾਨਾਂ ’ਤੇ ਦੇਖਣ ਨੂੰ ਮਿਲੀ। ਪਾਬੰਦੀ ਦੇ ਬਾਵਜੂਦ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ’ਚ ਖੁੱਲ੍ਹੇ ਤੌਰ ’ਤੇ ਪਟਾਕੇ ਵੇਚੇ ਜਾਂਦੇ ਰਹੇ। ਉਧਰ, ਟ੍ਰੈਫਿਕ ਪੁਲੀਸ ਵੱਲੋਂ ਤਿਉਹਾਰਾਂ ਦੇ ਦਿਨਾਂ ’ਚ ਲੋਕਾਂ ਨੂੰ ਜਾਮ ਤੋਂ ਬਚਾਉਣ ਲਈ ਕੀਤੇ ਗਏ ਸਾਰੇ ਪ੍ਰਬੰਧ ਵੀ ਫੇਲ੍ਹ ਸਾਬਿਤ ਹੋਏ। ਸਵੇਰ ਤੋਂ ਰਾਤ ਤੱਕ ਸ਼ਹਿਰ ਦੇ ਕਈ ਬਜ਼ਾਰਾਂ ’ਚ ਟਰੈਫਿਕ ਜਾਮ ਵਰਗੇ ਹਾਲਾਤ ਰਹੇ। ਲੋਕਾਂ ਨੂੰ ਜਾਮ ਕਾਰਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੀਵਾਲੀ ਨੂੰ ਲੈ ਕੇ ਸਨਅਤੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਪਿਛਲੇਂ ਕਈ ਦਿਨਾਂ ਤੋਂ ਬਾਜ਼ਾਰ ਸਜੇ ਸਨ ਅਤੇ ਅੱਜ ਸਵੇਰ ਤੋਂ ਹੀ ਲੋਕ ਖਰੀਦਦਾਰੀ ਕਰਨ ਲਈ ਘਰੋਂ ਨਿਕਲਦੇ ਰਹੇ। ਲੋਕਾਂ ਨੇ ਆਪਣੇ ਬੱਚਿਆਂ ਦੇ ਨਾਲ ਵੱਖ-ਵੱਖ ਥਾਵਾਂ ’ਤੇ ਲਾਈਆਂ ਗਈਆਂ ਪਟਾਕੇ ਦੀਆਂ ਦੁਕਾਨਾਂ ਤੋਂ ਪਟਾਕੇ ਖਰੀਦੇ, ਇਸ ਤੋਂ ਇਲਾਵਾ ਸ਼ਹਿਰ ’ਚ ਹਲਵਾਈ ਦੀਆਂ ਦੁਕਾਨਾਂ ’ਤੇ ਵੀ ਕਾਫ਼ੀ ਭੀੜ ਨਜ਼ਰ ਆਈ। ਲੋਕਾਂ ਨੇ ਪੁਰਾਣੇ ਰੀਤੀ ਰਿਵਾਜਾਂ ਅਨੁਸਾਰ ਮਿੱਟੀ ਦੇ ਦੀਵੇ, ਹੱਟੜੀਆਂ ਆਦਿ ਦੀ ਵੀ ਖਰੀਦਦਾਰੀ ਕੀਤੀ। ਇਸ ਤੋਂ ਇਲਾਵਾ ਸ਼ਹਿਰ ’ਚ ਭਾਂਡਿਆਂ ਤੇ ਗਿਫ਼ਟ ਵਾਲੀਆਂ ਦੁਕਾਨਾਂ ਦੇ ਨਾਲ-ਨਾਲ ਕੱਪੜਿਆਂ ਦੀਆਂ ਦੁਕਾਨਾਂ ’ਤੇ ਵੀ ਕਾਫ਼ੀ ਭੀੜ ਦੇਖਣ ਨੂੰ ਮਿਲੀ। ਇੱਥੇ ਦੱਸਣਯੋਗ ਹੈ ਕਿ ਨਗਰ ਨਿਗਮ ਨੇ ਪਹਿਲਾਂ ਸ਼ਹਿਰ ਦੀਆਂ ਸੜਕਾਂ ’ਤੇ ਲੱਗਣ ਵਾਲੀਆਂ ਦੁਕਾਨਾਂ ਨੂੰ ਮੰਨਜ਼ੂਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ, ਪਰ ਨਗਰ ਨਿਗਮ ਦੀ ਆਗਿਆ ਤੋਂ ਬਿਨ੍ਹਾ ਹੀ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ’ਤੇ ਦੁਕਾਨਾਂ ਤੇ ਫੜ੍ਹੀਆਂ ਲੱਗੀਆਂ ਰਹੀਆਂ। ਹਾਈ ਅਲਰਟ ਹੋਣ ਦੇ ਕਾਰਨ ਸ਼ਹਿਰ ’ਚ ਜ਼ਿਲ੍ਹਾ ਪੁਲੀਸ ਵੱਲੋਂ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਸੀ, ਜਿੱਥੋਂ ਲੰਘਣ ਵਾਲੇ ਸ਼ੱਕੀ ਲੋਕਾਂ ਦੀ ਤਲਾਸ਼ੀ ਲਈ ਗਈ ਤੇ ਵੱਖ-ਵੱਖ ਥਾਂਵਾਂ ’ਤੇ ਵਾਹਨਾਂ ਦੀ ਵੀ ਲਗਾਤਾਰ ਚੈਕਿੰਗ ਕੀਤੀ ਜਾਂਦੀ ਰਹੀ। ਦੇਰ ਰਾਤ ਤੱਕ ਪੁਲੀਸ ਦੇ ਉਚ ਅਧਿਕਾਰੀ ਸ਼ਹਿਰ ’ਚ ਖੁਦ ਗਸ਼ਤ ਕਰਦੇ ਰਹੇ।