ਚੰਡੀਗੜ੍ਹ ਨਗਰ ਨਿਗਮ ਮੰਦਹਾਲੀ ’ਚੋਂ ਬਾਹਰ ਨਿਕਲਿਆ: ਮੇਅਰ

ਚੰਡੀਗੜ੍ਹ ਨਗਰ ਨਿਗਮ ਵੱਲੋਂ ਅੱਜ ਗਰੀਨ ਦੀਵਾਲੀ ਮਨਾਈ ਗਈ। ਇਸ ਮੌਕੇ ਨਗਰ ਨਿਗਮ ਦੇ ਸੈਕਟਰ-17 ਸਥਿਤ ਮੁੱਖ ਦਫਤਰ ਵਿੱਚ ਕਰਵਾਏ ਸਮਾਗਮ ਦੌਰਾਨ ਨਿਗਮ ਅਧਿਕਾਰੀਆਂ ਅਤੇ ਕੌਂਸਲਰਾਂ ਨੇ ਮਿੱਟੀ ਦੇ ਦੀਵੇ ਜਗਾ ਕੇ ਸ਼ਹਿਰ ਵਾਸੀਆਂ ਨੂੰ ਪ੍ਰਦੂਸ਼ਣ-ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਮੇਅਰ ਦਫਤਰ ਦੇ ਬਾਹਰ ਵਰਾਂਡੇ ਅਤੇ ਕੰਟੀਨ ਹਾਲ ਵਿੱਚ ਰੰਗੋਲੀ ਵੀ ਬਣਾਈ ਗਈ।
ਇਸ ਮੌਕੇ ਮੇਅਰ ਦੇਵੇਸ਼ ਮੋਦਗਿਲ ਨੇ ਨਗਰ ਨਿਗਮ ਨੂੰ ਦਰਪੇਸ਼ ਮੁਸ਼ਕਿਲਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਨਿਗਮ ਦੀ ਆਰਥਿਕ ਤੰਗੀ ਬਾਰੇ ਚਰਚਾ ਕੀਤੀ ਤੇ ਕਿਹਾ ਕਿ ਪ੍ਰਸ਼ਾਸਨ ਵੱਲੋਂ 132 ਕਰੋੜ ਦੀ ਗਰਾਂਟ ਮਿਲਣ ਨਾਲ ਸ਼ਹਿਰ ਦੇ ਵਿਕਾਸ ਕਾਰਜ ਸ਼ੁਰੂ ਹੋ ਗਏ ਹਨ। ਉਨ੍ਹਾਂ ਨੇ ਕਿਹਾ ਪ੍ਰਾਪਰਟੀ ਟੈਕਸ ਦੀ ਵਸੂਲੀ ਵਿੱਚ ਵੀ ਨਿਗਮ ਅਧਿਕਾਰੀਆਂ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ ਤੇ ਨਗਰ ਨਿਗਮ ਹੁਣ ਵਿੱਤੀ ਸੰਕਟ ਤੋਂ ਬਾਹਰ ਆ ਗਿਆ ਹੈ।
ਅੱਜ ਕਰਵਾਏ ਸਮਾਗਮ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ 14 ਸਾਲ ਦੇ ਵਣਵਾਸ ਤੋਂ ਬਾਅਦ ਅਯੁੱਧਿਆ ਵਾਪਸ ਪਰਤੇ ਸਨ ਤੇ ਨਗਰ ਵਾਸੀਆਂ ਨੇ ਦੀਪਮਾਲਾ ਕੀਤੀ ਸੀ ਅਤੇ ਦੀਵਾਲੀ ਦਾ ਤਿਉਹਾਰ ਮਨਾਇਆ ਸੀ। ਉਸ ਵੇਲੇ ਤੋਂ ਇਹ ਰਿਵਾਇਤ ਚਲੀ ਆ ਰਹੀ ਹੈ ਪਰ ਹੁਣ ਤਿਉਹਾਰਾਂ ਦੇ ਵਪਾਰੀਕਰਨ ਹੁੰਦਾ ਜਾ ਰਿਹਾ ਹੈ।
ਸਮਾਗਮ ਵਿੱਚ ਨਗਰ ਨਿਗਮ ਦੇ ਸਪੈਸ਼ਲ ਕਮਿਸ਼ਨਰ ਸੰਜੈ ਝਾਅ, ਵਧੀਕ ਕਮਿਸ਼ਨਰ ਡਾ. ਸੌਰਭ ਮਿਸ਼ਰਾ ਤੇ ਅਨਿਲ ਗਰਗ, ਚੀਫ ਇੰਜਨੀਅਰ ਮਨੋਜ ਕੁਮਾਰ ਬਾਂਸਲ, ਐਸਈ ਸੰਜੈ ਅਰੋੜਾ ਸਮੇਤ ਨਿਗਮ ਕੌਂਸਲਰ ਦਵਿੰਦਰ ਸਿੰਘ ਬਬਲਾ, ਸੂਰਿਆ ਕਾਂਤ ਸ਼ਰਮਾ, ਰਾਜੇਸ਼ ਕਾਲੀਆ, ਭਰਤ ਕੁਮਾਰ, ਚੰਦਰਾਵਤੀ ਸ਼ੁਕਲਾ, ਹਾਜੀ ਮੁਹੰਮਦ ਖੁਰਸ਼ੀਦ ਅਲੀ ਵੀ ਮੌਜੂਦ ਸਨ। ਪ੍ਰੋਗਰਾਮ ਦੇ ਅਖੀਰ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕੌਂਸਲਰਾਂ ਨੂੰ ਮਿੱਟੀ ਦੇ ਦੀਵੇ ਵੰਡੇ ਗਏ।