ਆਰਬੀਆਈ ਸਰਕਾਰ ਲਈ ਸੀਟ ਬੈਲਟ ਵਾਂਗ: ਰਾਜਨ

ਰਿਜ਼ਰਵ ਬੈਂਕ ਅਤੇ ਵਿੱਤ ਮੰਤਰਾਲੇ ਜਦੋਂ ਤਕਰਾਰ ਵਧ ਰਹੀ ਹੈ ਤਾਂ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਅੱਜ ਕਿਹਾ ਕਿ ਕੇਂਦਰੀ ਬੈਂਕ ਕਾਰ ਵਿਚ ਸੀਟ ਬੈਲਟ ਦੀ ਤਰ੍ਹਾਂ ਹੈ ਤੇ ਜੇ ਕੋਈ ਸੀਟ ਬੈਲਟ ਲਾਏ ਬਗ਼ੈਰ ਕਾਰ ਦੌੜਾਉਣੀ ਚਾਹੁੰਦਾ ਹੈ ਤਾਂ ਇਹ ਖ਼ਤਰਨਾਕ ਹੋ ਸਕਦਾ ਹੈ।’’ ਆਰਬੀਆਈ ਦੇ ਸੰਸਥਾਗਤ ਖ਼ੁਦਮੁਖ਼ਤਾਰੀ ਦਾ ਸਤਿਕਾਰ ਕਰਨ ਦੀ ਪੈਰਵੀ ਕਰਦਿਆਂ ਸ੍ਰੀ ਰਾਜਨ ਨੇ ਕਿਹਾ ਕਿ ਜੇ ਸਰਕਾਰ ਜ਼ਿਆਦਾ ਧੱਕਾ ਕਰੇ ਤਾਂ ਕੇਂਦਰੀ ਬੈਂਕ ਕੋਲ ਨਾਂਹ ਕਹਿਣ ਦਾ ਹੱਕ ਹੁੰਦਾ ਹੈ। 19 ਨਵੰਬਰ ਨੂੰ ਆਰਬੀਆਈ ਬੋਰਡ ਦੀ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਬੋਰਡ ਦਾ ਉਦੇਸ਼ ਸੰਸਥਾ ਦੀ ਰਾਖੀ ਕਰਨਾ ਹੈ ਨਾ ਕਿ ਹੋਰਨਾਂ ਦੇ ਹਿੱਤਾਂ ਦੀ ਸੇਵਾ ਕਰਨਾ। ਉਨ੍ਹਾਂ ਸੀਐਨਬੀਸੀ ਟੀਵੀ 18 ਨਾਲ ਗੱਲਬਾਤ ਕਰਦਿਆਂ ਕਿਹਾ ‘‘ ਆਰਬੀਆਈ ਸੀਟ ਬੈਲਟ ਦੀ ਤਰ੍ਹਾਂ ਹੈ। ਸਰਕਾਰ ਚਾਲਕ ਵਾਂਗ ਹੁੰਦੀ ਹੈ ਜਿਸ ਦੀ ਮਰਜ਼ੀ ਹੋ ਸਕਦੀ ਹੈ ਕਿ ਸੀਟ ਬੈਲਟ ਨਾ ਪਹਿਨੇ ਪਰ ਜਦੋਂ ਐਕਸੀਡੈਂਟ ਹੁੰਦਾ ਹੈ ਤਾਂ ਅਜਿਹਾ ਕਰਨਾ ਕਾਫ਼ੀ ਖ਼ਤਰਨਾਕ ਹੋ ਸਕਦਾ ਹੈ।’’ ਉਨ੍ਹਾਂ ਕਿਹਾ ਆਰਬੀਆਈ ਦੀ ਜ਼ਿੰਮੇਵਾਰੀ ਵਿੱਤੀ ਸਥਿਰਤਾ ਬਰਕਰਾਰ ਰੱਖਣ ਦੀ ਹੁੰਦੀ ਹੈ ਤੇ ਇਸ ਕਰ ਕੇ ਸਾਡੇ ਕੋਲ ਅਥਾਰਿਟੀ ਨੂੰ ਨਾਂਹ ਕਹਿਣ ਦਾ ਹੱਕ ਹੁੰਦਾ ਹੈ। ਪਿਛਲੇ ਕੁਝ ਸਮੇਂ ਤੋਂ ਆਰਬੀਆਈ ਦੇ ਗਵਰਨਰ ਊਰਜਿਤ ਪਟੇਲ ਅਤੇ ਸਰਕਾਰ ਦਰਮਿਆਨ ਮੱਤਭੇਦ ਪੈਦਾ ਹੋ ਗਏ ਹਨ।
ਜਾਣਕਾਰੀ ਅਨੁਸਾਰ ਭਾਰਤੀ ਰਿਜ਼ਰਵ ਬੈਂਕ ਉੱੱਤੇ ਸਰਕਾਰ 9.6 ਲੱਖ ਕਰੋੜ ਰੁਪਏ ਦੇ ਰਾਖਵੇਂ ਭੰਡਾਰ ਨੂੰ ਕਰਜ਼ ਵਜੋਂ ਵੰਡਣ ਲਈ ਨਿਰੰਤਰ ਦਬਾਅ ਵਧਾ ਰਹੀ ਹੈ। ਕਈ ਮੁੱਦਿਆਂ ਨੂੰ ਲੈ ਕੇ ਸਰਕਾਰ ਅਤੇ ਰਿਜ਼ਰਵ ਬੈਂਕ ਵਿਚਕਾਰ ਦੂਰੀਆਂ ਵੱਧ ਰਹੀਆਂ ਹਨ। ਪਿਛਲੇ ਦਿਨੀਂ ਸਰਕਾਰ ਨੇ ਰਿਜ਼ਰਵ ਬੈਂਕ ਤੋਂ ਆਪਣੇ ਸੁਝਾਅ ਮੰਨਵਾਉਣ ਲਈ ਕਾਨੂੰਨ ਦੀਆਂ ਉਨ੍ਹਾਂ ਧਾਰਾਵਾਂ ਦਾ ਸਹਾਰਾ ਲਿਆ ਹੈ, ਜੋ ਹੁਣ ਤੱਕ ਕਦੇ ਵੀ ਨਹੀਂ ਵਰਤੀਆਂ ਗਈਆਂ।