ਕਿਸਾਨੀ ਸੰਘਰਸ਼: ਧਰਨਾਕਾਰੀਆਂ ’ਤੇ ਕਾਰ ਚੜ੍ਹਾਈ; ਦੋ ਕਿਸਾਨ ਫੱਟੜ

ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ, ਆੜ੍ਹਤੀਆਂ ਅਤੇ ਸ਼ੈੱਲਰ ਮਾਲਕਾਂ ਵੱਲੋਂ ਮੰਡੀਆਂ ਵਿਚ ਝੋਨੇ ਵਿਚਲੀ ਨਮੀ ਦੀ ਮਾਤਰਾ ਦੇ ਨਾਂ ‘ਤੇ ਕੀਤੀ ਜਾ ਰਹੀ ਲੁੱਟ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮੇਤ ਹੋਰ ਜਥੇਬੰਦੀਆਂ ਵੱਲੋਂ ਪਿੰਡ ਘੁੱਦਾ ਵਿਚ ਬਠਿੰੰਡਾ-ਬਾਦਲ ਰੋਡ ਉੱਪਰ ਜਾਮ ਲਾਇਆ ਗਿਆ ਅਤੇ ਧਰਨਾਕਾਰੀਆਂ ਵੱਲੋਂ ਪੰਜਾਬ ਸਰਕਾਰ ,ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸੇ ਦੌਰਾਨ ਕਾਰ ਸਵਾਰਾਂ ਨੇ ਧਰਨਾਕਾਰੀਆਂ ’ਤੇ ਕਾਰ ਚੜ੍ਹਾ ਦਿੱਤੀ ਜਿਸ ਕਾਰਨ ਦੋ ਕਿਸਾਨ ਜ਼ਖ਼ਮੀ ਹੋ ਗਏ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਜਾਣ-ਬੁੱਝ ਕੇ ਲੁੱਟ ਕਰਵਾਈ ਜਾ ਰਹੀ ਹੈ। ਮੰਡੀਆਂ ਵਿਚ ਝੋਨੇ ਦੀ ਵੱਧ ਨਮੀ ਦੇ ਨਾਂ ‘ਤੇ ਕਿਸਾਨਾਂ ਨੂੰ ਰੋਲਿਆ ਜਾ ਰਿਹਾ ਹੈ ਅਤੇ ਕਾਟ ਕੱਟੀ ਜਾਂਦੀ ਹੈ। ਕਿਸਾਨ ਮੰਡੀਆਂ ਵਿਚ ਪੰਦਰਾਂ-ਪੰਦਰਾਂ ਦਿਨਾਂ ਤੋਂ ਰੁਲ ਰਹੇ ਹਨ। ਇਸੇ ਦੌਰਾਨ ਅਣਪਛਾਤੇ ਕਾਰ ਸਵਾਰਾਂ ਵੱਲੋਂ ਤੇਜ਼ ਰਫਤਾਰ ਕਾਰ ਲਿਆ ਕੇ ਧਰਨਾਕਾਰੀਆਂ ‘ਤੇ ਚੜ੍ਹਾ ਦਿੱਤੀ ਜਿਸ ਕਰਕੇ ਚੰਦ ਸਿੰਘ ਵਾਸੀ ਫਰੀਦਕੋਟ ਕੋਟਲੀ ਅਤੇ ਧਰਮਪਾਲ ਸਿੰਘ ਵਾਸੀ ਬਹਾਦਰਗੜ੍ਹ ਜੰਡੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਕਾਰ ਸਵਾਰ ਕਾਰ ਮੌਕੇ ਤੋਂ ਨੰਦਗੜ੍ਹ ਵੱਲ ਭਜਾ ਕੇ ਲੈ ਗਏ ਜਿਨ੍ਹਾਂ ਦਾ ਪੁਲੀਸ ਪਾਰਟੀ ਵੱਲੋਂ ਪਿੱਛਾ ਕੀਤਾ ਗਿਆ ਪਰ ਉਹ ਹੱਥ ਨਾ ਆਏ। ਇਸ ਘਟਨਾ ਤੋਂ ਬਾਅਦ ਧਰਨਾਕਾਰੀਆਂ ਨੇ ਪੁਲੀਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ ਲਾਏ।
ਧਰਨਾਕਾਰੀਆਂ ਵੱਲੋਂ ਮਿਥੇ ਸਮੇਂ 3 ਵਜੇ ਤੋਂ ਬਾਅਦ ਅਣਪਛਾਤੇ ਕਾਰ ਚਾਲਕਾਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰਨ ਦੀ ਮੰਗ ਅਤੇ ਪੁਲੀਸ ਅਧਿਕਾਰੀਆਂ ਖਿਲਾਫ ਡਿਊਟੀ ‘ਚ ਢਿੱਲ ਵਰਤਣ ਕਰਕੇ ਵਿਭਾਗੀ ਕਾਰਵਾਈ ਕਰਨ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਡੀਐੱਸਪੀ ਦਵਿੰਦਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਡੀਐੱਸਪੀ ਦਵਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਥਾਣਾ ਨੰਦਗੜ੍ਹ ਦੀ ਪੁਲੀਸ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਜਰਨਲ ਸਕੱਤਰ ਸੁਖਵਿੰਦਰ ਸਿੰਘ ਬਾਵਾ ਫੂਲੇਵਾਲਾ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਕਾਰ ਸਵਾਰਾਂ ਖਿਲਾਫ ਧਾਰਾ 307 ਤਹਿਤ ਮਾਮਲਾ ਦਰਜ ਕਰ ਲਿਆ ਅਤੇ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਖਿਲਾਫ ਜਾਂਚ ਤੋਂ ਬਾਅਦ ਵਿਭਾਗੀ ਕਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਜਗਸੀਰ ਸਿੰਘ ਝੁੰਬਾ, ਅਸ਼ਵਨੀ ਘੁੱਦਾ, ਜਸਕਰਨ ਕੋਟਗੁਰੂ, ਗੋਰਾ ਕੋਟਗੁਰੂ, ਜਲੌਰ ਸਿੰਘ ਬਾਂਡੀ, ਗੁਰਚਰਨ ਸਿੰਘ ਮੁਹਾਲਾਂ, ਗੁਰਸੇਵਕ ਸਿੰਘ ਜੰਡੀਆਂ, ਸਾਂਝਾ ਅਧਿਆਪਕ ਮੋਰਚਾ ਦੇ ਆਗੂ ਮਨਜੀਤ ਸਿੰਘ ਬਾਜਕ ਤੋਂ ਇਲਾਵਾ ਹੋਰ ਹਾਜ਼ਰ ਸਨ।