ਪੰਜਾਬ ’ਚ ਝਾੜੂ ਦੇ ਤੀਲੇ ’ਕੱਠੇ ਹੋਣ ਦੇ ਆਸਾਰ ਮੱਧਮ

ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਦੋਵਾਂ ਧੜਿਆਂ ਵਿਚਾਲੇ ਏਕਤਾ ਦੇ ਆਸਾਰ ਤਕਰੀਬਨ ਖ਼ਤਮ ਹੋ ਗਏ ਹਨ। ਦੋਵਾਂ ਧਿਰਾਂ ਨੇ ਅੱਜ ਵੱਖੋ ਵੱਖਰੀਆਂ ਪ੍ਰੈਸ ਕਾਨਫਰੰਸਾਂ ਕਰਕੇ ਆਪਣੇ ਇਰਾਦੇ ਜੱਗ ਜ਼ਾਹਿਰ ਕਰ ਦਿੱਤੇ। ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਆਗਾਮੀ ਲੋਕ ਸਭਾ ਚੋਣਾਂ ਲਈ 5 ਉਮੀਦਵਾਰਾਂ ਦੇ ਨਾਮ ਐਲਾਨ ਕੇ ਦੋਸ਼ ਲਾਇਆ ਕਿ ਬਾਗ਼ੀ ਖਹਿਰਾ ਧੜੇ ਵੱਲੋਂ ਏਕਤਾ ਲਈ ਯਤਨਸ਼ੀਲ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਧਮਕੀਆਂ ਦਿਵਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਖਹਿਰਾ ਧੜੇ ਨੇ ਵੱਖਰੀ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਪਾਰਟੀ ਨੇ 5 ਉਮੀਦਵਾਰਾਂ ਦਾ ਐਲਾਨ ਕਰਕੇ ਏਕਤਾ ਦੇ ਯਤਨਾਂ ਦਾ ਭੋਗ ਪਾ ਦਿੱਤਾ ਹੈ।
ਅੱਜ ਪਹਿਲਾਂ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਮੁੱਖ ਤਰਜਮਾਨ ਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਕਾਨੂੰਨੀ ਵਿੰਗ ਦੇ ਮੁਖੀ ਵਕੀਲ ਜਸਤੇਜ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਲੋਕ ਸਭਾ ਚੋਣਾਂ ਲਈ ਸੰਗਰੂਰ ਤੋਂ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ, ਫਰੀਦਕੋਟ ਤੋਂ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਅੰਮ੍ਰਿਤਸਰ ਤੋਂ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ (ਜਗਦੇਵ ਕਲਾਂ), ਸ੍ਰੀ ਆਨੰਦਪੁਰ ਸਾਹਿਬ ਤੋਂ ਵਿੱਤ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਹੁਸ਼ਿਆਰਪੁਰ ਤੋਂ ਦੁਆਬਾ ਜ਼ੋਨ ਦੇ ਪ੍ਰਧਾਨ ਡਾ. ਰਵਜੋਤ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਵੱਲੋਂ ਕਰਵਾਏ ਸਰਵੇ ਦੇ ਅਧਾਰ ’ਤੇ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ ਅਤੇ ਬਾਕੀ 8 ਉਮੀਦਵਾਰਾਂ ਦਾ ਐਲਾਨ ਨਵੰਬਰ ਵਿੱਚ ਕਰ ਦਿੱਤਾ ਜਾਵੇਗਾ। ਬੁੱਧ ਰਾਮ ਨੇ ਦੋਸ਼ ਲਾਇਆ ਕਿ ਬਾਗ਼ੀ ਧੜੇ ਦੇ ਆਗੂ ਸੁਖਪਾਲ ਖਹਿਰਾ ਨੇ ਦੋਵਾਂ ਧਿਰਾਂ ਵੱਲੋਂ ਏਕਤਾ ਲਈ ਕੀਤੀ ਮੀਟਿੰਗ ਦੇ ਫੈਸਲੇ ਦੇ ਉਲਟ ਆਮ ਵਾਂਗ ਲਾਈਵ ਹੋ ਕੇ ਏਕਤਾ ਦੇ ਯਤਨਾਂ ਨੂੰ ਸੱਟ ਮਾਰੀ ਅਤੇ ਸ੍ਰੀਮਤੀ ਮਾਣੂੰਕੇ ਨੂੰ ਧਮਕੀਆਂ ਦਿਵਾਈਆਂ। ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਖਹਿਰਾ ਵਿਰੋਧੀ ਧਿਰ ਦੇ ਆਗੂ ਸਨ ਤਾਂ ਉਸ ਵੇਲੇ ਵੀ ਪੰਜਾਬ ਇਕਾਈ ਨੂੰ ਪੂਰੀ ਖੁਦਮੁਖ਼ਤਿਆਰੀ ਸੀ ਅਤੇ ਹੁਣ ਵੀ ਉਨ੍ਹਾਂ ਪੰਜਾਬ ਦੀ ਕੋਰ ਕਮੇਟੀ ਵੱਲੋਂ ਚੁਣੇ ਉਮੀਦਵਾਰਾਂ ਉਪਰ ਹੀ ਸਿਆਸੀ ਮਾਮਲਿਆਂ ਬਾਰੇ ਕੇਂਦਰੀ ਕਮੇਟੀ (ਪੀਏਸੀ) ਨੇ ਮੋਹਰ ਲਾਈ ਹੈ।
ਉਧਰ ਸੁਖਪਾਲ ਖਹਿਰਾ ਨੇ ਹੰਗਾਮੀ ਹਾਲਤ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਦੋਸ਼ ਲਾਇਆ ਕਿ ਦਿੱਲੀ ਦੇ ਸਪਾਂਸਰਡ ਆਗੂਆਂ ਨੇ 5 ਉਮੀਦਵਾਰਾਂ ਦਾ ਐਲਾਨ ਕਰਕੇ ਏਕਤਾ ਲਈ ਗੱਲਬਾਤ ਦੇ ਬੂਹੇ ਸਦਾ ਲਈ ਬੰਦ ਕਰ ਦਿੱਤੇ ਹਨ। ਸ੍ਰੀ ਖਹਿਰਾ ਨੇ ਵਿਧਾਇਕ ਕੰਵਰ ਸੰਧੂ, ਜਗਤਾਰ ਜੱਗਾ, ਪਿਰਮਲ ਸਿੰਘ, ਜੈਕਿਸ਼ਨ ਰੋੜੀ ਅਤੇ ਪਿਰਮਲ ਸਿੰਘ ਖਾਲਸਾ ਸਮੇਤ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਏਕਤਾ ਲਈ ਅੱਜ ਆਪਣੀ ਐਡਹਾਕ ਪੀਏਸੀ ਨੂੰ ਭੰਗ ਕਰਨ ਦਾ ਮਨ ਬਣਾਇਆ ਸੀ, ਪਰ ਦੂਜੀ ਧਿਰ ਨੇ 5 ਉਮੀਦਵਾਰਾਂ ਦਾ ਐਲਾਨ ਕਰਕੇ ਤਾਨਾਸ਼ਾਹੀ ਰਵੱਈਆ ਅਖਤਿਆਰ ਕਰ ਲਿਆ ਹੈ ਅਤੇ ਪਾਰਟੀ ਜ਼ਮਾਨਤਾਂ ਜ਼ਬਤ ਕਰਵਾਉਣ ਵਾਲੇ ਪਾਸੇ ਵੱਧ ਰਹੀ ਹੈ। ਉਨ੍ਹਾਂ ਪਾਰਟੀ ਨੂੰ ਹੁਣ 8 ਨਵੰਬਰ ਤੱਕ ਦਾ ਅਲਟੀਮੇਟਮ ਦਿੰਦਿਆਂ ਧਮਕੀ ਦਿੱਤੀ ਕਿ ਜੇ ਉਦੋਂ ਤਕ ਪਾਰਟੀ ਨੇ ਆਪਣੀਆਂ ਗਲਤੀਆਂ ਨਾ ਸੁਧਾਰੀਆਂ ਤਾਂ ਉਨ੍ਹਾਂ ਦਾ ਧੜਾ ਪੰਜਾਬ ਵਿਚ ਵੱਖਰੀ ਬਾਡੀ ਬਣਾਉਣ ਦਾ ਐਲਾਨ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਧੜਾ ਸੂਬੇ ਵਿਚ ਹਮਖਿਆਲੀ ਪਾਰਟੀਆਂ ਨਾਲ ਤੀਜੀ ਸਿਆਸੀ ਧਿਰ ਵੀ ਉਸਾਰ ਸਕਦਾ ਹੈ।
ਉਨ੍ਹਾਂ ਕਿਹਾ ਕਿ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ 1 ਨਵੰਬਰ ਨੂੰ ਸੈਕਟਰ 17 ਚੰਡੀਗੜ੍ਹ ਵਿਚ ਰੋਸ ਧਰਨਾ ਦਿੱਤਾ ਜਾਵੇਗਾ ਅਤੇ 31 ਅਕਤੂਬਰ ਨੂੰ ਉਨ੍ਹਾਂ ਦੇ ਧੜੇ ਦੇ ਵਿਧਾਇਕ ਪਿੰਡ ਅਗਮਪੁਰ (ਸ੍ਰੀ ਆਨੰਦਪੁਰ ਸਾਹਿਬ) ਜਾ ਕੇ ਰੇਤ ਮਾਫੀਆ ਨੂੰ ਬੇਨਕਾਬ ਕਰਨਗੇ। ਕੰਵਰ ਸੰਧੂ ਨੇ ਕਿਹਾ ਕਿ ਏਕਤਾ ਮੀਟਿੰਗ ਵਿਚ ਉਨ੍ਹਾਂ ਸ੍ਰੀ ਖਹਿਰਾ ਨੂੰ ਪ੍ਰਧਾਨ ਬਣਾਉਣ ਬਾਰੇ ਕੋਈ ਗੱਲ ਨਹੀਂ ਕੀਤੀ ਅਤੇ ਸ੍ਰੀਮਤੀ ਮਾਣੂੰਕੇ ਨੂੰ ਏਕਤਾ ਲਈ ਮੀਟਿੰਗ ਕਰਨ ਲਈ ਕਿਹਾ ਸੀ, ਪਰ ਇਸ ਦੇ ਉਲਟ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰ ਕੇ ਏਕੇ ਦੇ ਯਤਨਾਂ ਉਪਰ ਪਾਣੀ ਫੇਰ ਦਿੱਤਾ ਹੈ।