ਨਕਸਲੀ ਹਮਲਾ: ਦੂਰਦਰਸ਼ਨ ਕੈਮਰਾਮੈਨ ਸਣੇ ਤਿੰਨ ਹਲਾਕ

ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਅੱਜ ਹੋਏ ਨਕਸਲੀ ਹਮਲੇ ਵਿੱਚ ਦੋ ਪੁਲੀਸ ਮੁਲਾਜ਼ਮਾਂ ਅਤੇ ਦੂਰਦਰਸ਼ਨ ਦੇ ਕੈਮਰਾਮੈਨ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਹਮਲੇ ਦੀ ਨਿੰਦਾ ਕਰਦਿਆਂ ਕੈਮਰਾਮੈਨ ਦੇ ਪਰਿਵਾਰ ਨੂੰ ਸਰਕਾਰ ਵੱਲੋਂ 15 ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਇਸ ਹਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਨੀਲਾਵਾਇਆ ਪਿੰਡ ਨੇੜੇ ਜੰਗਲੀ ਇਲਾਕੇ ਵਿੱਚ ਸਵੇਰੇ 11 ਵਜੇ ਦੇ ਕਰੀਬ ਵਾਪਰੀ। ਡੀਆਈਜੀ ਸੁੰਦਰ ਰਾਜ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਨਕਸਲੀਆਂ ਨੇ ਸਥਾਨਕ ਪੁਲੀਸ ਟੀਮ ਨੂੰ ਨਿਸ਼ਾਨਾ ਬਣਾਇਆ ਜੋ ਮੋਟਰਸਾਈਕਲ ’ਤੇ ਸਮੇਲੀ ਕੈਂਪ ਤੋਂ ਨੀਲਾਵਾਇਆ ਵੱਲ ਪੈਟਰੋਲਿੰਗ ਕਰ ਰਹੇ ਸਨ। ਇਸੇ ਦੌਰਾਨ ਦੂਰਦਰਸ਼ਨ ਦੀ ਤਿੰਨ ਮੈਂਬਰੀ ਟੀਮ ਵੀ ਚੋਣਾਂ ਸਬੰਧੀ ਕਵਰੇਜ ਲਈ ਜਾ ਰਹੀ ਸੀ ਜੋ ਇਸ ਦੌਰਾਨ ਹੋਈ ਦੁਵੱਲੀ ਗੋਲੀਬਾਰੀ ਵਿੱਚ ਘਿਰ ਗਈ। ਇਸ ਹਮਲੇ ਵਿੱਚ ਸਬ ਇੰਸਪੈਕਟਰ ਰੁਦਰਪ੍ਰਤਾਪ ਸਿੰਘ, ਅਸਿਸਟੈਂਟ ਕਾਂਸਟੇਬਲ ਮਾਂਗਲੂ ਅਤੇ ਦਿੱਲੀ ਦੂਰਦਰਸ਼ਨ ਦੇ ਨਿਊਜ਼ ਕੈਮਰਾਮੈਨ ਅਛੂਤਾਨੰਦ ਸਾਹੂ ਮਾਰੇ ਗਏ। ਕਾਂਸਟੇਬਲ ਵਿਸ਼ਨੂ ਨੇਤਾਮ ਅਤੇ ਅਸਿਸਟੈਂਟ ਕਾਂਸਟੇਬਲ ਰਾਕੇਸ਼ ਕੌਸ਼ਲ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਹਮਲਾਵਰਾਂ ਦੀ ਤਲਾਸ਼ ਲਈ ਸੀਆਰਪੀਐਸਫ, ਵਿਸ਼ੇਸ਼ ਟਾਸਕ ਫੋਰਮ ਅਤੇ ਜ਼ਿਲ੍ਹਾ ਰਿਜ਼ਰਵ ਗਾਰਡ ਦੀਆਂ ਟੀਮਾਂ ਜੰਗਲ ਵਿੱਚ ਪਹੁੰਚ ਗਈਆਂ ਹਨ। ਸੂਬੇ ਵਿੱਚ ਅਗਲੇ ਮਹੀਨੇ ਚੋਣਾਂ ਹੋਣੀਆਂ ਹਨ ਤੇ ਨਕਸਲੀਆਂ ਨੇ ਚੋਣਾਂ ਦਾ ਬਾਈਕਾਟ ਕੀਤਾ ਹੈ।