ਸੁਰੱਖਿਆ ਏਜੰਸੀਆਂ ਸਨਾਈਪਰ ਹਮਲਿਆਂ ਤੋਂ ਫਿਕਰਮੰਦ

ਸ੍ਰੀਨਗਰ: ਕਸ਼ਮੀਰ ਵਾਦੀ ਵਿੱਚ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਵੱਲੋਂ ਕੀਤੇ ਜਾਂਦੇ ਸਨਾਈਪਰ (ਪੱਕੇ ਨਿਸ਼ਾਨਚੀ) ਹਮਲੇ ਸੁਰੱਖਿਆ ਏਜੰਸੀਆਂ ਲਈ ਵੱਡੀ ਚਿੰਤਾ ਦਾ ਸਬੱਬ ਬਣ ਗਏ ਹਨ ਤੇ ਅੱਧ ਸਤੰਬਰ ਤੋਂ ਲੈ ਕੇ ਹੁਣ ਤੱਕ ਇਸ ਤਰ੍ਹਾਂ ਦੇ ਹਮਲਿਆਂ ਵਿੱਚ ਤਿੰਨ ਸੁਰੱਖਿਆ ਕਰਮੀ ਮਾਰੇ ਜਾ ਚੁੱਕੇ ਹਨ ਜਿਸ ਕਰ ਕੇ ਸੁਰੱਖਿਆ ਏਜੰਸੀਆਂ ਨੂੰ ਆਪਣੀ ਰਣਨੀਤੀ ਵਿੱਚ ਫ਼ੇਰਬਦਲ ਕਰਨੀ ਪਈ ਹੈ। ਇਸ ਤਰ੍ਹਾਂ ਦਾ ਪਹਿਲਾ ਹਮਲਾ 18 ਸਤੰਬਰ ਨੂੰ ਪੁਲਵਾਮਾ ਦੇ ਨੇਵਾ ਵਿੱਚ ਹੋਇਆ ਸੀ ਜਦੋਂ ਸੀਆਰਪੀਐਫ ਦਾ ਜਵਾਨ ਜ਼ਖ਼ਮੀ ਹੋ ਗਿਆ ਸੀ। ਸੁਰੱਖਿਆ ਅਫ਼ਸਰਾਂ ਨੂੰ ਲਗਦਾ ਸੀ ਕਿ ਇਹ ਕੋਈ ਵਿਕਲੋਤਰਾ ਹਮਲਾ ਸੀ ਪਰ ਹਾਲ ਹੀ ਵਿੱਚ ਤਰਾਲ ਵਿੱਚ ਸੀਮਾ ਸਸ਼ਤਰ ਬਲ ਦੇ ਜਵਾਨ ਤੇ ਇਕ ਫ਼ੌਜੀ ਜਵਾਨ ਅਤੇ ਨੌਗਾਮ ਵਿੱਚ ਸੀਆਈਐਸਐਫ ਦੇ ਜਵਾਨ ਦੀ ਸਨਾਈਪਰ ਹਮਲਿਆਂ ਵਿੱਚ ਜਾਨ ਗਈ ਹੈ। ਸੁਰੱਖਿਆ ਏਜੰਸੀਆਂ ਦਾ ਵਿਸ਼ਵਾਸ ਹੈ ਕਿ ਜੈਸ਼-ਏ-ਮੁਹੰਮਦ ਦੇ ਘੱਟੋ ਘੱਟ ਦੋ ਵੱਖੋ ਵੱਖਰੇ ਗਰੁਪ ਸਤੰਬਰ ਦੇ ਸ਼ੁਰੂ ਵਿੱਚ ਕਸ਼ਮੀਰ ਵਾਦੀ ਵਿੱਚ ਦਾਖ਼ਲ ਹੋਏ ਹਨ ਤੇ ਉਨ੍ਹਾਂ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਕੁਝ ਜਨਤਕ ਹਮਾਇਤੀਆਂ ਦੀ ਮਦਦ ਨਾਲ ਪੈਰ ਜਮਾ ਲਏ ਹਨ। ਅਫ਼ਸਰਾਂ ਦਾ ਖਿਆਲ ਹੈ ਕਿ ਇਨ੍ਹਾਂ ਅਤਿਵਾਦੀਆਂ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਤੋਂ ਸਨਾਈਪਰ ਹਮਲਿਆਂ ਦੀ ਵਿਸ਼ੇਸ਼ ਸਿਖਲਾਈ ਮਿਲੀ ਹੈ ਤੇ ਇਹ ਐਮ-4 ਕਾਰਬਾਈਨਾਂ ਨਾਲ ਲੈਸ ਹਨ ਜੋ ਅਫ਼ਗਾਨਿਸਤਾਨ ਵਿੱਚ ਅਮਰੀਕੀ ਅਗਵਾਈ ਵਾਲੀਆਂ ਫ਼ੌਜਾਂ ਕੋਲ ਸਨ। ਸੰਭਾਵਨਾ ਹੈ ਕਿ ਇਹ ਹਥਿਆਰ ਅਫਗਾਨਿਸਤਾਨ ਤੋਂ ਆਏ ਹੋਣ ਹਾਲਾਂਕਿ ਪਾਕਿਸਤਾਨੀ ਫ਼ੌਜ ਦੇ ਸਪੈਸ਼ਲ ਦਸਤੇ ਵੀ ਇਹ ਹਥਿਆਰ ਇਸਤੇਮਾਲ ਕਰਦੇ ਹਨ। ਇਸ ਕਾਰਬਾਈਨ ਨਾਲ ਕਿਸੇ ਚੌਕੀ ਵਿਚ ਪਹਿਰਾ ਦੇ ਰਹੇ ਸੰਤਰੀ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਇਸ ਬਾਰੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪਹਿਲਾਂ ਸਰਹੱਦ ਜਾਂ ਅਸਲ ਕੰਟਰੋਲ ਰੇਖਾ ’ਤੇ ਅਜਿਹੇ ਹਮਲੇ ਹੁੰਦੇ ਸਨ ਪਰ ਅੰਦਰਲੇ ਖੇਤਰਾਂ ਵਿਚ ਸਨਾਈਪਰ ਹਮਲੇ ਹੋਣ ਨਾਲ ਸੁਰੱਖਿਆ ਦੇ ਲਿਹਾਜ਼ ਤੋਂ ਨਵੇਂ ਸਿਰਿਓਂ ਸੋਚਣਾ ਪਵੇਗਾ। ਐਮ-4 ਕਾਰਬਾਈਨ ’ਤੇ ਟੈਲੀਸਕੋਪ ਲੱਗੀ ਹੁੰਦੀ ਹੈ ਤੇ ਅਤਿਵਾਦੀਆਂ ਕੋਲ ਹਨੇਰੇ ’ਚ ਦੇਖਣ ਵਾਲੇ ਚਸ਼ਮੇ ਵੀ ਹੁੰਦੇ ਹਨ। ਇਹ 500-600 ਮੀਟਰ ਤੱਕ ਸਹੀ ਨਿਸ਼ਾਨੇ ’ਤੇ ਮਾਰ ਕਰ ਸਕਦੀ ਹੈ।