ਪੱਥਰਬਾਜ਼ਾਂ ਤੇ ਹਮਾਇਤੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਲੋੜ: ਜਨਰਲ ਰਾਵਤ

ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਆਖਿਆ ਕਿ ਜੰਮੂ ਕਸ਼ਮੀਰ ਵਿਚ ਪੱਥਰਬਾਜ਼ੀ ਕਰਨ ਵਾਲਿਆਂ ਤੇ ਦਹਿਸ਼ਤਗਰਦ ਗਰੁੱਪਾਂ ਦੇ ਜਨਤਕ ਹਮਾਇਤੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕਸ਼ਮੀਰ ਵਿਚ ਪੱਥਰਬਾਜ਼ੀ ਦੀ ਘਟਨਾ ਵਿਚ ਜ਼ਖ਼ਮੀ ਹੋਏ ਇਕ ਫੌਜੀ ਜਵਾਨ ਦੀ ਮੌਤ ਹੋਣ ਤੋਂ ਬਾਅਦ ਥਲ ਸੈਨਾ ਦਿਵਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਦਹਿਸ਼ਤਗਰਦੀ ਦੀ ਬਾਦਸਤੂਰ ਹਮਾਇਤ ਕੀਤੀ ਜਾ ਰਹੀ ਹੈ ਜਿਸ ਕਰ ਕੇ ਭਾਰਤੀ ਫ਼ੌਜ ਵੀ ਹੋਰ ਕਿਸਮ ਦੀਆਂ ਕਾਰਵਾਈਆਂ ਕਰ ਸਕਦੀ ਹੈ। ਉਂਜ ਇਨ੍ਹਾਂ ‘‘ਹੋਰ ਕਿਸਮ ਦੀਆਂ ਕਾਰਵਾਈਆਂ’’ ਦਾ ਖੁਲਾਸਾ ਨਹੀਂ ਕੀਤਾ। ਭਾਰਤੀ ਫ਼ੌਜ ਨੇ 28 ਸਤੰਬਰ 2016 ਨੂੰ ਅਸਲ ਕੰਟਰੋਲ ਰੇਖਾ ਤੋਂ ਪਾਰ ਸਰਜੀਕਲ ਸਟ੍ਰਾਈਕ ਕੀਤੀ ਸੀ।