ਰਾਫ਼ਾਲ ਦੇ ਭੇਤ ਖੁੱਲ੍ਹਣ ਦੇ ਡਰੋਂ ਸੀਬੀਆਈ ਮੁਖੀ ਨੂੰ ਹਟਾਇਆ: ਪ੍ਰਸ਼ਾਂਤ ਭੂਸ਼ਨ

ਸਵਰਾਜ ਅਭਿਆਨ ਦੇ ਆਗੂ ਤੇ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਨ ਦਾ ਕਹਿਣਾ ਹੈ ਕਿ ਰਾਫਾਲ ਜਹਾਜ਼ ਸੌਦੇ ਦੀਆਂ ਪਰਤਾਂ ਖੁੱਲ੍ਹਣ ਦੇ ਡਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਰੈਕਟਰ ਅਲੋਕ ਵਰਮਾ ਨੂੰ ਅੱਧੀ ਰਾਤ ਦੇ ਸਮੇਂ ਚਲਦਾ ਕੀਤਾ ਹੈ। ਅੱਜ ਇੱਥੇ ਮੀਡੀਆ ਦ ਰੂ-ਬ-ਰੂ ਹੁੰਦਿਆਂ ਉਨ੍ਹਾਂ ਕਿਹਾ ਕਿ ਸਬੂਤਾਂ ਅਤੇ ਤੱਥਾਂ ਤੋਂ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਪ੍ਰਧਾਨ ਮੰਤਰੀ ਨੇ ਅਨਿਲ ਅੰਬਾਨੀ ਨੂੰ 21 ਹਜ਼ਾਰ ਕਰੋੜ ਰੁਪਏ ਦਾ ਲਾਭ ਦੇਣ ਲਈ ਰਾਫਾਲ ਜਹਾਜ਼ਾਂ ਦੇ ਸੌਦੇ ਲਈ ਰਿਲਾਇੰਸ ਦੀ ਚੋਣ ਕੀਤੀ ਅਤੇ ਇਸ ਸਬੰਧੀ ਸਾਰੇ ਸਬੂਤ 4 ਅਕਤੂਬਰ ਨੂੰ ਸੀਬੀਆਈ ਦੇ ਡਾਇਰੈਕਟਰ ਅਲੋਕ ਵਰਮਾ ਨੂੰ ਸ਼ਿਕਾਇਤ ਸਮੇਤ ਦਿੱਤੇ ਗਏ ਸਨ। ਸ੍ਰੀ ਭੂਸ਼ਨ ਨੇ ਕਿਹਾ ਕਿ ਸੀਬੀਆਈ ਨੂੰ ਦਿੱਤੀ ਗਈ ਸ਼ਿਕਾਇਤ ਦੇ ਨਾਲ 46 ਦਸਤਾਵੇਜ਼ ਨੱਥੀ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਤੱਥ ਵੀ ਜੱਗ ਜ਼ਾਹਿਰ ਹਨ ਕਿ ਰਿਲਾਇੰਸ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਚੋਣਾਂ ਮੌਕੇ ਚੰਦੇ ਦੇ ਰੂਪ ਵਿੱਚ ਮੋਟੀ ਮਾਇਆ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਬੂਤਾਂ ਦੇ ਸਾਹਮਣੇ ਆਉਣ ਅਤੇ ਸੀਬੀਆਈ ਡਾਇਰੈਕਟਰ ਤੱਕ ਪਹੁੰਚ ਕੀਤੀ ਤਾਂ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਬੇਚੈਨੀ ਹੋ ਗਈ ਸੀ। ਸ੍ਰੀ ਭੂਸ਼ਨ ਨੇ ਕਿਹਾ ਕਿ ਜੇ ਮੋਦੀ ਸਰਕਾਰ ਨੇ ਰਾਫਾਲ ਸੌਦੇ ਵਿੱਚ ਕੋਈ ਹੇਰਾ-ਫੇਰੀ ਨਹੀਂ ਕੀਤੀ ਤਾਂ ਸੀਬੀਆਈ ਜਾਂ ਸਾਂਝੀ ਸੰਸਦੀ ਕਮੇਟੀ ਦੀ ਜਾਂਚ ਜਾਂ ਫਿਰ ਕੈਗ ਦੀ ਜਾਂਚ ਤੋਂ ਭੱਜਣ ਦੇ ਯਤਨ ਕਿਉਂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਫਾਲ ਸੌਦੇ ਦਾ ਘਪਲਾ ਦੇਸ਼ ਦੇ ਨਾਲ ਗੱਦਾਰੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਵੱਲੋਂ ਲਗਾਤਾਰ ਸੰਵਿਧਾਨਕ ਸੰਸਥਾਵਾਂ ਦੀ ਮਾਣ ਮਰਿਆਦਾ ਅਤੇ ਵੱਕਾਰ ਨੂੰ ਢਾਹ ਲਗਾਈ ਜਾ ਰਹੀ ਹੈ। ਉਘੇ ਵਕੀਲ ਨੇ ਦੋਸ਼ ਲਾਇਆ ਕਿ ਸੀਬੀਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਦਾ ਸੇਵਾ ਕਾਲ ਸਾਫ਼ ਸੁਥਰਾ ਨਹੀਂ ਮੰਨਿਆ ਜਾਂਦਾ। ਇਹੀ ਨਹੀਂ, ਮੋਦੀ ਸਰਕਾਰ ਵੱਲੋਂ ਸੀਬੀਆਈ ਦੀ ਕਮਾਨ ਜਿਸ ਅਧਿਕਾਰੀ ਨੂੰ ਦਿੱਤੀ ਗਈ ਹੈ ਉਸ ਦਾ ਵੀ ਰਿਕਾਰਡ ਦਾਗ਼ੀ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮੋਦੀ ਸਰਕਾਰ ਵੱਲੋਂ ਜਿਸ ਅਧਿਕਾਰੀ ਨੂੰ ਕੇਂਦਰੀ ਵਿਜੀਲੈਂਸ ਕਮਿਸ਼ਨ ਦਾ ਮੁਖੀ ਲਾਇਆ ਗਿਆ ਹੈ ਉਹ ਵੀ ਸਾਫ਼ ਸੁਥਰਾ ਨਹੀਂ ਹੈ। ਸ੍ਰੀ ਭੂਸ਼ਨ ਨੇ ਕਿਹਾ ਕਿ ਜੇ ਆਲੋਕ ਵਰਮਾ ਨੇ ਆਜ਼ਾਦਾਨਾ ਕੰਮ ਕਰਨ ਦਾ ਯਤਨ ਕੀਤਾ ਤਾਂ ਰਾਤੋ-ਰਾਤ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਚ ਲਈ ਗਈ। ਉਨ੍ਹਾਂ ਰਾਫਾਲ ਸੌਦੇ ਦੀ ਗੱਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਫ਼ੌਜ ਦੇ ਵੱਕਾਰ ਨੂੰ ਵੀ ਸੱਟ ਮਾਰੀ ਹੈ ਤੇ ਦੇਸ਼ ਦੀ ਰੱਖਿਆ ਨਾਲ ਵੀ ਸਮਝੌਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਰਤੀ ਹਵਾਈ ਸੈਨਾ ਵੱਲੋਂ ਕਈ ਸਾਲਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ 129 ਲੜਾਕੂ ਜਹਾਜ਼ ਖ਼ਰੀਦੇ ਜਾਣ ਦੀ ਜ਼ਰੂਰਤ ਹੈ ਤਾਂ ਸ੍ਰੀ ਮੋਦੀ ਨੇ ਫਰਾਂਸ ਦੌਰੇ ਦੌਰਾਨ ਯਕਦਮ ਸਿਰਫ਼ 36 ਜਹਾਜ਼ਾਂ ਦਾ ਸੌਦਾ ਕਰ ਲਿਆ ਤੇ 60 ਹਜ਼ਾਰ ਕਰੋੜ ਰੁਪਏ ਦੇ 36 ਜਹਾਜ਼ ਖ਼ਰੀਦੇ ਗਏ ਜੋ ਹੁਣ ਤੱਕ ਦਾ ਸਭ ਤੋਂ ਵੱਡਾ ਘਪਲਾ ਹੈ। ਉਨ੍ਹਾਂ ਕਿਹਾ ਕਿ 1660 ਕਰੋੜ ਰੁਪਏ ਪ੍ਰਤੀ ਜਹਾਜ਼ ਖ਼ਰੀਦੇ ਗਏ ਜਦੋਂ ਕਿ ਇਸ ਜਹਾਜ਼ ਦੀ ਕੀਮਤ 670 ਕਰੋੜ ਰੁਪਏ ਸੀ। ਸ੍ਰੀ ਭੂਸ਼ਨ ਨੇ ਕਿਹਾ ਕਿ ਰਿਲਾਇੰਸ ਦੇ ਮਾਲਕ ਅਨਿਲ ਅੰਬਾਨੀ ਨੇ ਪ੍ਰਧਾਨ ਮੰਤਰੀ ਦੀ ਫਰਾਂਸ ਫੇਰੀ ਤੋਂ ਮਹਿਜ਼ 10 ਦਿਨ ਪਹਿਲਾਂ ਕੰਪਨੀ ਬਣਾਈ ਸੀ ਅਤੇ ਫਰਾਂਸੀਸੀ ਕੰਪਨੀ ਨੂੰ ਰਿਲਾਇੰਸ ਨਾਲ ਭਿਆਲੀ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਬੋਫੋਰਜ਼ ਕੇਸ ਤਾਂ ਰਾਫਾਲ ਸੌਦੇ ਦੇ ਮੁਕਾਬਲੇ ਕੱਖ ਵੀ ਨਹੀਂ ਸੀ ਕਿਉਂਕਿ ਉਸ ਸੌਦੇ ਵਿੱਚ 4 ਫੀਸਦੀ ਕਮਿਸ਼ਨ ਖਾਧੀ ਗਈ ਸੀ ਤੇ ਹੁਣ ਰਿਲਾਇੰਸ ਨੂੰ 35 ਫੀਸਦੀ ਕਮਿਸ਼ਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਰੱਖਿਆ ਸੌਦਿਆਂ ਸਬੰਧੀ ਖ਼ਰੀਦ ਕਮੇਟੀ, ਕੈਬਨਿਟ ਕਮੇਟੀ, ਏਅਰੋਨੌਟਿਕਸ ਵਿੰਗ ਸਭ ਦੀਆਂ ਦਲੀਲਾਂ ਨੂੰ ਅੱਖੋਂ ਪਰੋਖੇ ਕਰ ਕੇ ਇੱਕ ਚੁਣੇ ਹੁਣੇ ਨੇਤਾ ਦੀ ਥਾਂ ਸ਼ਹਿਨਸ਼ਾਹ ਤੇ ਤਾਨਸ਼ਾਹ ਵਾਂਗ ਫਰਾਂਸ ਵਿੱਚ ਜਾ ਕੇ ਸੌਦਾ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਇਹ ਨੰਗੀ ਚਿੱਟੀ ਕੁਰੱਸ਼ਨ ਹੈ ਤੇ ਪ੍ਰਧਾਨ ਮੰਤਰੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਪ੍ਰਸ਼ਾਂਤ ਭੂਸ਼ਨ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਸ਼ੁੱਕਰਵਾਰ ਨੂੰ ਸੁਣਾਇਆ ਗਿਆ ਫੈਸਲਾ ਸ਼ਲਾਘਾਯੋਗ ਹੈ ਕਿ ਆਉਂਦੇ ਦਿਨਾਂ ਦੌਰਾਨ ਕੇਂਦਰ ਸਰਕਾਰ ਕਟਹਿਰੇ ਵਿੱਚ ਖੜ੍ਹੀ ਹੋਵੇਗੀ।