ਦਿਆਲਪੁਰਾ ਭਾਈਕਾ ’ਚ ਪਤਨੀ ਦਾ ਕਤਲ ਕਰਕੇ ਖੁਦਕੁਸ਼ੀ ਕੀਤੀ

ਦਿਆਲਪੁਰਾ ਭਾਈਕਾ ਦੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਕੇ ਆਪਣੇ ਆਪ ਨੂੰ ਫੰਦਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਘਟਨਾ ਸਥਾਨ ’ਤੇ ਪੁੱਜੇ ਡੀਐਸਪੀ ਫੂਲ ਗੁਰਪ੍ਰੀਤ ਗਿੱਲ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਮ੍ਰਿਤਕ ਮਲਵਿੰਦਰ ਸਿੰਘ (ਬਿੱਲੂ) 47 ਸਾਲ ਪੁੱਤਰ ਜੀਤ ਸਿੰਘ ਵਾਸੀ ਦਿਆਲਪੁਰਾ ਭਾਈਕਾ ਨਸ਼ੇ ਕਰਨ ਦਾ ਆਦੀ ਸੀ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ।
ਉਸਦੀ ਦਵਾਈ ਮੋਗਾ ਦੇ ਹਸਪਤਾਲ ਤੋਂ ਚੱਲਦੀ ਸੀ। ਪਿਛਲੇ ਪੰਜ ਦਿਨਾਂ ਤੋਂ ਉਹ ਆਪਣੀ ਪਤਨੀ ਸਣੇ ਆਪਣੀ ਭੈਣ ਕੋਲ ਪਿੰਡ ਖੋਟੇ (ਮੋਗਾ) ਰਹਿ ਕੇ ਅੱਜ ਆਪਣੇ ਘਰ ਦਿਆਲਪੁਰਾ ਭਾਈਕਾ ਆਇਆ ਸੀ।
ਘਟਨਾ ਸਥਾਨ ਦਾ ਮੁਆਇਨਾ ਕਰਨ ਤੋਂ ਪਤਾ ਲੱਗਾ ਹੈ ਕਿ ਜਦੋਂ ਉਸਦੀ ਪਤਨੀ ਬਨਦੀਪ ਕੌਰ (35) ਆਪਣੇ ਘਰ ਵਿੱਚ ਅਲਮਾਰੀ ਵਿੱਚੋਂ ਕੱਪੜੇ ਕੱਢ ਰਹੀ ਸੀ ਤਾਂ ਉਸਨੇ ਆਪਣੀ ਪਤਨੀ ਉਪਰ ਹਥੌੜੀਆਂ ਅਤੇ ਕਿਰਚ ਨਾਲ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਦੂਸਰੇ ਕਮਰੇ ਵਿੱਚ ਜਾ ਕੇ ਆਪਣੇ ਆਪ ਨੂੰ ਫੰਦਾ ਲਗਾ ਲਿਆ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।