ਅਧਿਆਪਕਾਂ ਦਾ ਪੱਕਾ ਮੋਰਚਾ ਲੜੀਵਾਰ ਭੁੱਖ ਹੜਤਾਲ ਵਿੱਚ ਤਬਦੀਲ ਹੋਇਆ

ਸਾਂਝਾ ਅਧਿਆਪਕ ਮੋਰਚੇ ਨੇ ਮੰਗਾਂ ਦੀ ਪ੍ਰਾਪਤੀ ਲਈ ਲਾਏ ਪੱਕੇ ਮੋਰਚੇ ਨੂੰ ਅੱਜ ਲੜੀਵਾਰ ਭੁੱਖ ਹੜਤਾਲ ’ਚ ਤਬਦੀਲ ਕਰ ਦਿੱਤਾ। ਮੋਰਚੇ ਵੱਲੋਂ ਲਏ ਫੈਸਲੇ ਮੁਤਾਬਕ 5 ਨਵੰਬਰ ਤੱਕ ਹਰ ਰੋਜ਼ ਗਿਆਰਾਂ-ਗਿਆਰਾਂ ਅਧਿਆਪਕ 24 ਘੰਟਿਆਂ ਦੀ ਭੁੱਖ ਹੜਤਾਲ ’ਤੇ ਬੈਠਣਗੇ, ਜਿਸ ਤਹਿਤ ਅੱਜ ਦੋ ਮਹਿਲਾਵਾਂ ਸਮੇਤ 11 ਅਧਿਆਪਕਾਂ ਦਾ ਪਹਿਲਾ ਜਥਾ ਲੜੀਵਾਰ ਭੁੱਖ ਹੜਤਾਲ ’ਤੇ ਬੈਠਿਆ। ਤਿਉਹਾਰਾਂ ਨੂੰ ਸੰਘਰਸ਼ੀ ਰੰਗ ਦੇਣ ਲਈ ਭਲਕੇ ਕਰਵਾ ਚੌਥ ਦੇ ਤਿਉਹਾਰ ਮੌਕੇ ਕੇਵਲ ਮਹਿਲਾ ਅਧਿਆਪਕਾਵਾਂ ਨੂੰ ਹੀ ਹੜਤਾਲੀ ਸੰਘਰਸ਼ ’ਤੇ ਬਿਠਾਉਣ ਦਾ ਵੀ ਫੈਸਲਾ ਲਿਆ ਗਿਆ। ਅੱਜ ਪਹਿਲੇ ਦਿਨ ਦੋ ਅਧਿਆਪਕ ਦੰਪਤੀ ਜੋੜੇ ਵੀ ਭੁੱਖ ਹੜਤਾਲ ਦਾ ਹਿੱਸਾ ਬਣੇ। ਉਧਰ ਮੋਰਚੇ ਨੇ ‘ਪੜ੍ਹੋ ਪੰਜਾਬ ਤੇ ਪੜ੍ਹਾਓ ਪੰਜਾਬ’ ਦੇ ਸੈਮੀਨਾਰਾਂ ਦਾ ਵੀ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਮੋਰਚੇ ਨੇ ਲੰਘੇ ਕੱਲ੍ਹ ਸੰਘਰਸ਼ ਪ੍ਰਤੀ ਸਰਕਾਰ ਦੇ ਕਥਿਤ ਬੇਪ੍ਰਵਾਹੀ ਵਾਲੇ ਵਤੀਰੇ ਦੇ ਚਲਦਿਆਂ ਮਰਨ ਵਰਤ ਅੰਦੋਲਨ ਵਾਪਸ ਲੈ ਲਿਆ ਸੀ, ਪਰ ਪੱਕੇ ਮੋਰਚੇ ਨੂੰ ਪਹਿਲਾਂ ਵਾਂਗ ਜਾਰੀ ਰੱਖਣ ਦਾ ਐਲਾਨ ਕੀਤਾ ਸੀ। ਇਸ ਕੜੀ ਵਜੋਂ ਅੱਜ ਪੱਕੇ ਮੋਰਚੇ ਦੇ ਵੀਹਵੇਂ ਦਿਨ ਸੰਘਰਸ਼ ਨੂੰ ਨਵਾਂ ਰੁਖ਼ ਦਿੰਦਿਆਂ ਲੜੀਵਾਰ ਭੁੱਖ ਹੜਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਲੜੀਵਾਰ ਭੁੱਖ ਹੜਤਾਲ ਦੇ ਪਹਿਲੇ ਦਿਨ ਅੱਜ ਗਿਆਰਾਂ ਜਣਿਆਂ ਵਿੱਚ ਮੋਰਚੇ ਦੇ ਸੂਬਾ ਕੋ-ਕਨਵੀਨਰ ਹਰਦੀਪ ਟੋਡਰਪੁਰ ਆਪਣੀ ਪਤਨੀ ਮਨਦੀਪ ਕੌਰ ਸਿੱਧੂ ਅਤੇ ਗਗਨ ਰਾਣੂ ਆਪਣੀ ਅਧਿਆਪਕਾ ਪਤਨੀ ਹਰਪ੍ਰੀਤ ਕੌਰ ਰਾਣੂ ਸਮੇਤ ਭੁੱਖ ਹੜਤਾਲ ’ਤੇ ਬੈਠੇ। ਸੂਬਾ ਕੋ-ਕਨਵੀਨਰ ਗੁਰਜਿੰਦਰ ਪਾਲ ਸਿੰਘ ਤੇ ਸੂਬਾ ਕਮੇਟੀ ਮੈਂਬਰ ਵਿਕਰਮਦੇਵ ਸਿੰਘ ਵੀ ਗਿਆਰਾਂ ਮੈਂਬਰੀ ਜਥੇ ’ਚ ਡਟੇ ਰਹੇ। ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ, ਬਲਕਾਰ ਸਿੰਘ ਵਲਟੋਹਾ, ਹਰਜੀਤ ਬਸੋਤਾ, ਬਾਜ ਸਿੰਘ ਖਹਿਰਾ ਅਤੇ ਸੂਬਾ ਕੋ-ਕਨਵੀਨਰ ਹਰਦੀਪ ਸਿੰਘ ਟੋਡਰਪੁਰ, ਗੁਰਜਿੰਦਰ ਪਾਲ, ਵਿਨੀਤ ਕੁਮਾਰ, ਹਰਿੰਦਰ ਬਿਲਗਾ, ਜਸਵਿੰਦਰ ਔਜਲਾ, ਦੀਦਾਰ ਮੁੱਦਕੀ, ਡਾ. ਅੰਮ੍ਰਿਤਪਾਲ, ਸੁਖਜਿੰਦਰ ਹਰੀਕਾ, ਗੁਰਵਿੰਦਰ ਸਿੰਘ ਤਰਨ ਤਾਰਨ, ਸੁਖਰਾਜ ਕਾਹਲੋਂ, ਸਤਨਾਮ ਸਿੰਘ ਸ਼ੇਰੋਂ, ਜਗਸੀਰ ਸਹੋਤਾ, ਸੁਖਰਾਜ ਸਿੰਘ, ਜਸਵੰਤ ਪੰਨੂ, ਸੂਬਾ ਕਮੇਟੀ ਮੈਂਬਰ ਸੁਰਿੰਦਰ ਪੁਆਰੀ ਆਦਿ ਨੇ ਕਿਹਾ ਕਿ 8886 ਐਸ.ਐਸ.ਏ, ਰਮਸਾ ਤੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੂੰ ਪੂਰੇ ਸਕੇਲਾਂ ’ਤੇ ਪੱਕੇ ਕਰਨ ਦੀ ਬਜਾਏ ਤਨਖਾਹ ਕਟੌਤੀ ਕਰਨ ਲਈ ਅਧਾਰ ਬਣਾਏ 94 ਫੀਸਦੀ ਸਹਿਮਤੀ ਦੇ ਝੂਠੇ ਅੰਕੜੇ ਦੇ ਗੁਬਾਰੇ ਦੀ ਹਵਾ ਨਿਕਲਦੀ ਦੇਖ ਕੇ ਸਿੱਖਿਆ ਸਕੱਤਰ ਵੱਲੋਂ ਹਰ ਹੀਲਾ ਫੇਲ੍ਹ ਹੋਣ ਮਗਰੋਂ ਹੁਣ ਆਪਸ਼ਨ ਕਲਿਕ ਵਾਲਾ ਪੋਰਟਲ ਅਣਮਿੱਥੇ ਸਮੇਂ ਲਈ ਖੋਲ੍ਹ ਦਿੱਤਾ ਗਿਆ ਹੈ। ਅਧਿਆਪਕ ਹਾਲਾਂਕਿ ਪਹਿਲਾਂ ਹੀ ਇਸ ਪੋਰਟਲ ਦਾ ਬਾਈਕਾਟ ਕਰ ਚੁੱਕੇ ਹਨ। ਇਸੇ ਤਰ੍ਹਾਂ 5178 ਅਧਿਆਪਕ, ਜੋ ਪਿਛਲੇ ਚਾਰ ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ, ਨੂੰ ਨਵੰਬਰ 2017 ਤੋਂ ਰੈਗੂਲਰ ਕਰਨ ਦੀ ਬਜਾਏ ਅਪਰੈਲ 2019 ਤੋਂ ਰੈਗੂਲਰ ਕਰਨ ਦੇ ਬਿਆਨ ਦੇਣੇ ਸਰਕਾਰ ਦੇ ਅਧਿਆਪਕਾਂ ਅਤੇ ਸਿੱਖਿਆ ਪ੍ਰਤੀ ਗੰਭੀਰਤਾ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਮੋਰਚੇ ਨੇ ਇਸ ਮੌਕੇ ਐਲਾਨ ਕੀਤਾ ਕਿ ਸਿੱਖਿਆ ਵਿਭਾਗ ਵੱਲੋਂ ਆਰੰਭੇ ‘ਪੜ੍ਹੋ ਪੰਜਾਬ, ਪੜਾਓ ਪੰਜਾਬ’ ਪ੍ਰਾਜੈਕਟ ਤਹਿਤ ਸਕੂਲਾਂ ਵਿੱਚ ਲੱਗੇ ਰਹੇ ਸੈਮੀਨਾਰਾਂ ਤੇ ਇਸ ਪ੍ਰਾਜੈਕਟ ਵਿੱਚ ਤਾਇਨਾਤ ਅਧਿਆਪਕਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ। ਅੱਜ ਪੱਕੇ ਮੋਰਚੇ ’ਚ ਜਲੰਧਰ, ਫਰੀਦਕੋਟ ਤੇ ਮੇਜ਼ਬਾਨ ਜ਼ਿਲ੍ਹੇ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਸ਼ਿਰਕਤ ਕੀਤੀ। ਮੋਰਚੇ ਨੂੰ ਕਰਨੈਲ ਫਿਲੌਰ, ਨੀਰਜ ਯਾਦਵ, ਪਾਲ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਜਲੰਧਰ, ਗੁਰਮੀਤ ਕੋਟਲੀ, ਮਨਪ੍ਰੀਤ ਸਿੰਘ ਅਤੇ ਜਗਸੀਰ ਸਿੰਘ ਆਦਿ ਨੇ ਸੰਬੋਧਨ ਕੀਤਾ।