ਕਾਂਗਰਸ ਦੀ ਸੀਨੀਅਰ ਆਗੂ ਆਸ਼ਾ ਕੁਮਾਰੀ ਨੇ ਪੰਜਾਬ ਦੇ ਤਕਨੀਕੀ ਸਿੱਖਿਆ ਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਹਿਲਾ ਆਈਏਐਸ ਅਧਿਕਾਰੀ ਨੂੰ ‘ਵਟਸ ਐਪ’ ਰਾਹੀਂ ਭੇਜੇ ਮੈਸੇਜ ਨੂੰ ਮਾਮੂਲੀ ਮਾਮਲਾ ਕਰਾਰ ਦਿੰਦਿਆਂ ਟਾਲਣ ਦਾ ਯਤਨ ਕੀਤਾ ਹੈ। ਕਾਂਗਰਸ ਵੱਲੋਂ ਸੀਬੀਆਈ ਦਫ਼ਤਰ ਮੂਹਰੇ ਦਿੱਤੇ ਧਰਨੇ ਦੌਰਾਨ ਸ੍ਰੀਮਤੀ ਆਸ਼ਾ ਕੁਮਾਰੀ ਨੂੰ ਜਦੋਂ ਮੰਤਰੀ ਦੇ ਵਿਵਹਾਰ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੋਬਾਈਲ ਫੋਨ ਰਾਹੀਂ ਭੇਜੇ ਸੰਦੇਸ਼ ਨੂੰ ‘ਜਿਨਸੀ ਸ਼ੋਸ਼ਣ’ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸੰਦੇਸ਼ ਭੇਜਣਾ ਕਿਸੇ ਨੂੰ ਬੁਰਾ ਲੱਗ ਸਕਦਾ ਹੈ ਤੇ ਕਿਸੇ ਨੂੰ ਨਹੀਂ ਵੀ। ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਮੁਤਾਬਕ ਮੰਤਰੀ ਵੱਲੋਂ ਮਹਿਲਾ ਅਧਿਕਾਰੀ ਨੂੰ ਗਲਤ ਸੰਦੇਸ਼ ਭੇਜੇ ਜਾਣ ਦਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਿਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਦਿੱਤੇ ਬਿਆਨ ਮੁਤਾਬਕ ਸਬੰਧਤ ਮੰਤਰੀ ਦੇ ਮੁਆਫ਼ੀ ਮੰਗੇ ਜਾਣ ਮਗਰੋਂ ਮੁੱਦਾ ਖ਼ਤਮ ਹੋ ਗਿਆ ਹੈ। ਕਾਂਗਰਸ ਦੀ ਇਸ ਮਹਿਲਾ ਆਗੂ ਨੇ ਕਿਹਾ ਕਿ ਮਹਿਲਾ ਅਧਿਕਾਰੀ ਨੇ ਕੋਈ ਲਿਖਤੀ ਸ਼ਿਕਾਇਤ ਕਰਨ ਦੀ ਥਾਂ ਇਸ ਸਬੰਧੀ ਮੁੱਖ ਮੰਤਰੀ ਨਾਲ ਹੀ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਜ਼ੁਬਾਨੀ ਕਲਾਮੀ ਗੱਲਬਾਤ ਦੌਰਾਨ ਮਹਿਲਾ ਅਧਿਕਾਰੀ ਨੇ ਮੰਤਰੀ ਸਬੰਧੀ ਕੀ ਕਿਹਾ ਹੈ ਉਸ ਸਬੰਧੀ ਪਾਰਟੀ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪੱਧਰ ’ਤੇ ਮੰਤਰੀ ਖਿਲਾਫ਼ ਕੋਈ ਜਾਣਕਾਰੀ ਹਾਲ ਦੀ ਘੜੀ ਕਿਸੇ ਵੀ ਪਾਸੇ ਤੋਂ ਨਹੀਂ ਪਹੁੰਚੀ। ਉਨ੍ਹਾਂ ਕਿਹਾ ਕਿ ਜਦੋਂ ਸ਼ਿਕਾਇਤ ਕਰਤਾ ਹੀ ਸਾਹਮਣੇ ਨਹੀਂ ਹੈ ਤਾਂ ਕਾਰਵਾਈ ਕਿਵੇਂ ਹੋ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਔਰਤਾਂ ਦਾ ਮਾਣ ਸਨਮਾਨ ਕਾਇਮ ਰੱਖਣ ਦੀ ਹਾਮੀ ਹੈ ਤੇ ਜੇਕਰ ਅਜਿਹੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਸੰਜੀਦਗੀ ਨਾਲ ਨਜਿੱਠਿਆ ਜਾਵੇਗਾ। ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਹ ਮਾਮਲਾ ਹਾਲ ਦੀ ਘੜੀ ਮੁੱਖ ਮੰਤਰੀ ਦੇ ਦਰਬਾਰ ਤੱਕ ਹੀ ਸੀਮਤ ਹੈ ਅਤੇ ਜਦੋਂ ਪਾਰਟੀ ਕੋਲ ਪਹੁੰਚੇਗਾ ਤਾਂ ਉਸ ਢੰਗ ਨਾਲ ਨਜਿੱਠਿਆ ਜਾਵੇਗਾ।
INDIA ਰਾਹੁਲ ਵੱਲੋਂ ਸੀਬੀਆਈ ਸਦਰ ਮੁਕਾਮ ਵੱਲ ਮਾਰਚ