ਸਕੂਲ ਵੈਨ ਪਲਟੀ; ਸੱਤ ਬੱਚੇ ਜ਼ਖ਼ਮੀ

ਸਕੂਲ ਤੋਂ ਨੇੜਲੇ ਪਿੰਡਾਂ ਦੇ ਬੱਚੇ ਘਰੀਂ ਛੱਡਣ ਜਾ ਰਹੀ ਡੀਏਵੀ ਪਬਲਿਕ ਸਕੂਲ ਜੈਤੋ ਦੀ ਵੈਨ ਅੱਜ ਬਾਅਦ ਦੁਪਹਿਰ ਪਲਟ ਗਈ। ਇਸ ਹਾਦਸੇ ਵਿੱਚ ਸੱਤ ਬੱਚੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਗਈ ਹੈ। ਏਐੱਸਆਈ ਜਗਤਾਰ ਸਿੰਘ ਅਨੁਸਾਰ ਜ਼ਖ਼ਮੀਆਂ ਦੀ ਗਿਣਤੀ ਅੱਠ ਹੈ।
ਜਾਣਕਾਰੀ ਅਨੁਸਾਰ ਪੀਬੀ 04- ਐਫ 9691 ਨੰਬਰੀ ਇਹ ਵੈਨ ਸਕੂਲ ਵਿੱਚ ਛੁੱਟੀ ਹੋਣ ਪਿੱਛੋਂ ਕੋਠੇ ਕਿਹਰ ਸਿੰਘ, ਰਣ ਸਿੰਘ ਵਾਲਾ ਅਤੇ ਨਿਆਮੀ ਵਾਲਾ ਪਿੰਡਾਂ ਵਿੱਚ ਬੱਚੇ ਛੱਡਣ ਜਾ ਰਹੀ ਸੀ। ਵੈਨ ਵਿੱਚ ਕਰੀਬ 25 ਬੱਚੇ ਸਵਾਰ ਸਨ। ਜੈਤੋ-ਕੋਠੇ ਮਾਹਲਾ ਸਿੰਘ ਸੰਪਰਕ ਸੜਕ ‘ਤੇ ਇਹ ਵੈਨ ਪਲਟ ਗਈ। ਬਚਾਅ ਲਈ ਬਹੁੜੇ ਲੋਕਾਂ ਨੇ ਜ਼ਖ਼ਮੀ ਹੋਏ ਸੱਤ ਬੱਚਿਆਂ ਨੂੰ ਵੈਨ ਵਿੱਚੋਂ ਕੱਢ ਕੇ ਸਿਵਲ ਹਸਪਤਾਲ ਜੈਤੋ ਪਹੁੰਚਾਇਆ। ਕੋਠੇ ਕਿਹਰ ਸਿੰਘ ਦੇ ਵਾਸੀ ਇੱਕ ਬੱਚੇ ਦੀ ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਬਾਕੀਆਂ ਦਾ ਇਲਾਜ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਜ਼ਖ਼ਮੀ ਬੱਚਿਆਂ ਦੀ ਪਛਾਣ ਸਹਿਜਮਨ (ਕੋਠੇ ਕਿਹਰ ਸਿੰਘ), ਆਂਚਲ (ਰਣ ਸਿੰਘ ਵਾਲਾ), ਗੁਰਲੀਨ (ਕੋਠੇ ਕਿਹਰ ਸਿੰਘ), ਜਸ਼ਨਪ੍ਰੀਤ (ਕੋਠੇ ਕਿਹਰ ਸਿੰਘ), ਅਰਪਨ (ਕੋਠੇ ਕਿਹਰ ਸਿੰਘ), ਹਰਮਨਪ੍ਰੀਤ (ਕੋਠੇ ਕਿਹਰ ਸਿੰਘ ਅਤੇ ਹਰਸਿਮਰਨ (ਕੋਠੇ ਕਿਹਰ ਸਿੰਘ) ਵਜੋਂ ਹੋਈ ਹੈ।
ਘਟਨਾ ਸਥਾਨ ‘ਤੇ ਆਮ ਲੋਕਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਵਾਲੰਟੀਅਰ ਵੀ ਮੱਦਦ ਲਈ ਪਹੁੰਚੇ। ਮੌਕੇ ‘ਤੇ ਪੁਲੀਸ ਟੀਮ ਵੀ ਪਹੁੰਚੀ ਪਰ ਵੈਨ ਚਾਲਕ ਅਵਤਾਰ ਸਿੰਘ ਵਾਸੀ ਚੈਨਾ ਮੌਕੇ ਤੋਂ ਫ਼ਰਾਰ ਹੋ ਗਿਆ। ਲੋਕਾਂ ਦੋਸ਼ ਲਾਇਆ ਕਿ ਡਰਾਈਵਰ ਨੇ ਨਿਯਮਾਂ ਮੁਤਾਬਿਕ ਵਰਦੀ ਨਹੀਂ ਪਹਿਨੀ ਹੋਈ ਸੀ ਅਤੇ ਵੈਨ ਦੀ ਹਾਲਤ ਵੀ ਖਸਤਾ ਹੈ।