ਕੂੰਮ ਕਲਾਂ ਮੰਡੀ ’ਚ ਹਜ਼ਾਰਾਂ ਕੁਇੰਟਲ ਝੋਨਾ ਖੁੱਲ੍ਹੇ ਆਸਮਾਨ ਹੇਠ

ਹਲਕਾ ਸਾਹਨੇਵਾਲ ਅਧੀਨ ਪੈਂਦੀ ਕੂੰਮਕਲਾਂ ਅਨਾਜ ਮੰਡੀ ਵਿੱਚ ਇਸ ਵੇਲੇ 30 ਹਜ਼ਾਰ ਕੁਇੰਟਲ ਤੋਂ ਵੱਧ ਝੋਨਾ ਬੋਰੀਆਂ ’ਚ ਭਰਿਆ ਖੁੱਲ੍ਹੇ ਆਸਮਾਨ ਹੇਠ ਪਿਆ ਹੈ ਕਿਉਂਕਿ ਆਲੇ-ਦੁਆਲੇ ਦੀਆਂ ਸੜਕਾਂ ਟੁੱਟੀਆਂ ਹੋਣ ਕਾਰਨ ਢੋਆ-ਢੁਆਈ ਕਰਨ ਵਾਲੀਆਂ ਗੱਡੀਆਂ ਨੂੰ ਆਉਣ ਜਾਣ ਵਿੱਚ ਕਾਫੀ ਸਮਾਂ ਬਰਬਾਦ ਕਰਨਾ ਪੈ ਰਿਹਾ ਹੈ। ਮੰਡੀ ਅਫਸਰਾਂ ਅਨੁਸਾਰ ਇਸ ਅਨਾਜ ਮੰਡੀ ’ਚ 2 ਏਜੰਸੀਆਂ ਪਨਗ੍ਰੇਨ ਤੇ ਵੇਅਰਹਾਊਸ ਝੋਨੇ ਦੀ ਖ੍ਰੀਦ ਕਰ ਰਹੀਆਂ ਹਨ। ਅੱਜ ਤੱਕ ਪਨਗ੍ਰੇਨ ਵੱਲੋਂ 31 ਹਜ਼ਾਰ 387 ਕੁਇੰਟਲ ਜਦੋਂਕਿ ਵੇਅਰਹਾਊਸ ਵਲੋਂ 11,431 ਕੁਇੰਟਲ ਝੋਨਾ ਖ੍ਰੀਦਿਆ ਜਾ ਚੁੱਕਾ ਹੈ। ਇਸ ਤਰ੍ਹਾਂ ਕੁਲ 42,819 ਕੁਇੰਟਲ ਬਣਦਾ ਹੈ ਪਰ ਲਿਫਟਿੰਗ 12,107 ਕੁਇੰਟਲ ਹੀ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਇੱਕ ਤਾਂ ਇਸ ਵਾਰ ਝੋਨੇ ਦੀ ਲਵਾਈ ਲੇਟ ਹੋਣ ਕਾਰਨ ਫਸਲ ਪੱਕਣ ’ਚ ਵੀ ਦੇਰੀ ਹੋਈ ਹੈ ਤੇ ਦੂਜਾ ਹੁਣ ਮੌਸਮ ’ਚ ਬਦਲਾਅ ਕਾਰਨ ਵਾਤਾਵਰਨ ’ਚ ਵੀ ਨਮੀ ਵਧ ਗਈ ਹੈ। ਕਿਸਾਨਾਂ ਵੱਲੋਂ ਵਾਰ-ਵਾਰ ਕਹਿਣ ’ਤੇ ਵੀ ਝੋਨੇ ਨੂੰ ਨਰਮ ਵੱਢ ਕੇ ਲਿਆਇਆ ਜਾ ਰਿਹਾ ਹੈ, ਜਿਸ ਨਾਲ ਇੱਥੇ ਮੰਡੀ ਦੇ ਫੜ੍ਹ ਵਿੱਚ ਹੀ ਢੇਰਾਂ ਨੂੰ ਖਿਲਾਰ ਕੇ ਸੁਕਾਉਣ ਤੋਂ ਬਾਅਦ ਸਰਕਾਰੀ ਭਾਅ ਲੱਗਦਾ ਹੈ ਤੇ ਫਿਰ ਤੋਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਝੋਨਾ ਖਰੀਦ ਕੇ ਅੱਗੇ ਸ਼ੈਲਰਾਂ ਨੂੰ ਭੇਜਿਆ ਜਾ ਰਿਹਾ ਹੈ। ਕੂੰਮਕਲਾਂ ਤੋਂ ਜੋ ਫਸਲ ਖ੍ਰੀਦੀ ਜਾਂਦੀ ਹੈ, ਇਹ ਸਾਰੀ ਪਿੰਡ ਰਤਨਗੜ੍ਹ ਨੇੜ੍ਹੇ ਬਣੇ 3 ਸ਼ੈਲਰਾਂ ਨੂੰ ਜਾਂਦੀ ਹੈ। ਇਹ ਸੜਕ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ, ਜਿਸ ਕਾਰਨ ਢੋਆ-ਢੁਆਈ ਕਰਨ ਵਾਲੀਆਂ ਗੱਡੀਆਂ ਨੂੰ ਬਹੁਤ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿਚ ਹੋਰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈ।