ਸ੍ਰੀਨਗਰ ਮੁਕਾਬਲੇ ਵਿੱਚ ਦੋ ਅਤਿਵਾਦੀ ਹਲਾਕ; ਸ਼ਹਿਰ ਵਿੱਚ ਝੜਪਾਂ

ਸ਼ਹਿਰ ਦੇ ਨੌਗਾਮ ਇਲਾਕੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਇਕ ਪ੍ਰਮੁੱਖ ਕਮਾਂਡਰ ਸਮੇਤ ਹਿਜ਼ਬੁਲ ਮੁਜਾਹਿਦੀਨ ਦੇ ਦੋ ਅਤਿਵਾਦੀ ਮਾਰੇ ਗਏ ਹਨ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨੌਗਾਮ ਦੇ ਸੁੱਥੂ ਕੋਠੇਰ ਇਲਾਕੇ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਦਾ ਪਤਾ ਚੱਲਿਆ ਸੀ ਜਿਸ ਤੋਂ ਬਾਅਦ ਅੱਜ ਤੜਕਸਾਰ ਸੁਰੱਖਿਆ ਦਸਤਿਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਤਲਾਸ਼ੀ ਮੁਹਿੰਮ ਵਿੱਢ ਦਿੱਤੀ। ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਨੇ ਸੁਰੱਖਿਆ ਦਸਤਿਆਂ ’ਤੇ ਗੋਲੀ ਚਲਾਈ ਜਿਸ ਤੋਂ ਮੁਕਾਬਲਾ ਸ਼ੁਰੂ ਹੋ ਗਿਆ ਤੇ ਦੋ ਅਤਿਵਾਦੀ ਮਾਰੇ ਗਏ। ਇਨ੍ਹਾਂ ਅਤਿਵਾਦੀਆਂ ਦੀ ਪਛਾਣ ਪੀਐਚਡੀ ਸਕਾਲਰ ਸਬਜ਼ਾਰ ਅਹਿਮਦ ਸੋਫ਼ੀ ਤੇ ਆਸਿਫ਼ ਅਹਿਮਦ ਵਜੋਂ ਹੋਈ ਹੈ। ਗ਼ੌਰਤਲਬ ਹੈ ਕਿ ਇਸੇ ਮਹੀਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਕਾਲਰ ਤੋਂ ਅਤਿਵਾਦੀ ਬਣੇ ਮਨਾਨ ਬਸ਼ੀਰ ਵਾਨੀ ਕੁਪਵਾੜਾ ਇਲਾਕੇ ਵਿਚ ਹੋਏ ਮੁਕਾਬਲੇ ਵਿਚ ਮਾਰਿਆ ਗਿਆ ਸੀ ਜਦਕਿ ਮਈ ਮਹੀਨੇ ਕਸ਼ਮੀਰ ਯੂਨੀਵਰਸਿਟੀ ਦਾ ਇਕ ਸਹਾਇਕ ਪ੍ਰੋਫੈਸਰ ਮੁਹੰਮਦ ਰਫ਼ੀ ਭੱਟ ਸ਼ੋਪੀਆਂ ਵਿਚ ਹੋਏ ਮੁਕਾਬਲੇ ਵਿਚ ਮਾਰਿਆ ਗਿਆ ਸੀ। ਹਾਲੀਆ ਸਾਲਾਂ ਦੌਰਾਨ ਬਹੁਤ ਹੀ ਪੜ੍ਹੇ ਲਿਖੇ ਯੁਵਕਾਂ ਦੇ ਅਤਿਵਾਦੀ ਸਫ਼ਾਂ ਵਿਚ ਸ਼ਾਮਲ ਹੋਣ ਦਾ ਰੁਝਾਨ ਤੇਜ ਹੋ ਰਿਹਾ ਹੈ। ਪੁਲੀਸ ਅਫ਼ਸਰ ਨੇ ਦੱਸਿਆ ਕਿ ਅਪਰੇਸ਼ਨ ਦੌਰਾਨ ਪੂਰੀ ਵਿਧੀ ਦਾ ਪਾਲਣ ਕੀਤਾ ਗਿਆ ਤੇ ਇਸ ਦੌਰਾਨ ਕੋਈ ਬਾਹਰੀ ਨੁਕਸਾਨ ਨਹੀਂ ਹੋਇਆ। ਮੁਕਾਬਲੇ ਵਾਲੀ ਥਾਂ ਤੋਂ ਦਸਤਾਵੇਜ਼ੀ ਸਮੱਗਰੀ, ਹਥਿਆਰ ਤੇ ਗੋਲੀ ਸਿੱਕਾ ਬਰਾਮਦ ਹੋਏ ਹਨ। ਉਂਜ, ਮੁਕਾਬਲਾ ਖਤਮ ਹੋਣ ਮਗਰੋਂ ਵੱਡੀ ਤਦਾਦ ਵਿੱਚ ਲੋਕ ਇਕੱਠੇ ਹੋ ਗਏ ਅਤੇ ਮੁਜ਼ਾਹਰਾਕਾਰੀਆਂ ਤੇ ਸੁਰੱਖਿਆ ਦਸਤਿਆਂ ਵਿਚਕਾਰ ਝੜਪਾਂ ਸ਼ੁਰੂ ਹੋ ਗਈਆਂ ਜੋ ਦਿਨ ਭਰ ਜਾਰੀ ਰਹੀਆਂ। ਅਧਿਕਾਰੀਆਂ ਨੇ ਇਹਤਿਆਤ ਵਜੋਂ ਸ਼ਹਿਰ ਵਿਚ ਇੰਟਰਨੈੱਟ ਸੇਵਾਵਾਂ ਤੇ ਵਿਦਿਅਕ ਅਦਾਰੇ ਬੰਦ ਕਰਵਾ ਦਿੱਤੇ ਸਨ।