ਨਕਲੀ ਪੁਲੀਸ ਵਾਲੇ ਬਣ ਕੇ ਵਾਰਦਾਤਾਂ ਕਰਨ ਵਾਲਾ ਗਰੋਹ ਕਾਬੂ

ਲੁਧਿਆਣਾ- ਖੁਦ ਨੂੰ ਪੰਜਾਬ ਪੁਲੀਸ ਦਾ ਮੁਲਾਜ਼ਮ ਦੱਸ ਕੇ ਬਾਹਰੋਂ ਆਉਣ ਜਾਣ ਵਾਲੇ ਵਪਾਰੀਆਂ ਤੇ ਕਾਰੋਬਾਰੀਆਂ ਤੋਂ ਲੁੱਟਖੋਹ ਕਰਨ ਵਾਲੇ ਗਰੋਹ ਦੇ ਸਰਗਨੇ ਨੂੰ ਥਾਣਾ ਕੋਤਵਾਲੀ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਗਰੋਹ ਦੇ ਤਿੰਨ ਮੈਂਬਰ ਹਾਲੇ ਫ਼ਰਾਰ ਦੱਸੇ ਜਾ ਰਹੇ ਹਨ।
ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਗਰੋਹ ਮੁੰਬਈ ਦੇ ਪਟੇਲ ਨਗਰ ਦਾ ਹੈ। ਮੁਲਜ਼ਮਾਂ ਨੇ ਲੁੱਟਖੋਹ, ਚੋਰੀ ਤੇ ਧੋਖਾਧੜੀ ਦੀਆਂ ਵਾਰਦਾਤਾਂ ਦੇਸ਼ ਦੇ ਕਈ ਸੂਬਿਆਂ ’ਚ ਕੀਤੀਆਂ ਹਨ। ਲੁੱਟਖੋਹ ਕਰਨ ਤੋਂ ਬਾਅਦ ਮੁਲਜ਼ਮ ਆਪਣੇ ਇਲਾਕੇ ’ਚ ਵਾਪਸ ਚਲੇ ਜਾਂਦੇ ਸਨ। ਪੁਲੀਸ ਨੇ ਮੁਲਜ਼ਮ ਨੂੰ ਸੋਮਵਾਰ ਮੁੰਬਈ ’ਚੋਂ ਗ੍ਰਿਫ਼ਤਾਰ ਕਰ ਕੇ ਲੁਧਿਆਣਾ ਲਿਆਂਦਾ ਹੈ, ਜਿਸ ਦੀ ਪਛਾਣ ਮੁੰਬਈ ਦੇ ਪੇਟਲ ਨਗਰ ਵਾਸੀ ਲਾਲੂ ਖਾਨੀ ਈਰਾਨੀ ਉਰਫ਼ ਬੁਲਡੋਜ਼ਰ ਉਰਫ਼ ਸਿਆਜ ਦੇ ਰੂਪ ’ਚ ਹੋਈ ਹੈ, ਜਦੋਂ ਕਿ ਗਰੋਹ ਦੇ ਤਿੰਨ ਮੈਂਬਰ ਅਮਜ਼ਦ ਸਮੀਰ ਜਾਫ਼ਰੀ, ਯੂਸੁਫ਼ ਅਜੀਤ ਅਲੀ, ਸ਼ਕੀਰ ਹਾਲੇ ਫ਼ਰਾਰ ਹਨ।
ਪੁਲੀਸ ਮੁਲਜ਼ਮ ਲਾਲੂ ਈਰਾਨੀ ਤੋਂ ਪੁੱਛਗਿਛ ਕਰ ਕੇ ਉਸ ਦੇ ਫ਼ਰਾਰ ਚੱਲ ਰਹੇ ਤਿੰਨ ਸਾਥੀਆਂ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ।
ਮੁਲਜ਼ਮ ਦੇ ਗ੍ਰਿਫ਼ਤਾਰ ਹੋਣ ਮਗਰੋਂ ਟਰੰਕਾਂ ਵਾਲੇ ਬਾਜ਼ਾਰ, ਸੁਭਾਨੀ ਬਿਲਡਿੰਗ ਦੇ ਕੋਲ ਤੇ ਬ੍ਰਹਮਪੁਰੀ ਚੌਕ ’ਚ ਹੋਈਆਂ ਵਾਰਦਾਤਾਂ ਟਰੇਸ ਹੋ ਚੁੱਕੀਆਂ ਹਨ। ਇਸ ਸਬੰਧੀ ਏਡੀਸੀਪੀ ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਤੇ ਹੌਜ਼ਰੀ ਦੇ ਸੀਜ਼ਨ ਕਾਰਨ ਬਾਹਰੀ ਸੂਬਿਆਂ ਤੋਂ ਸ਼ਹਿਰ ’ਚ ਵਪਾਰੀਆਂ ਦਾ ਆਉਣਾ ਜਾਣਾ ਲੱਗਾ ਹੋਇਆ ਸੀ। ਮੁਲਜ਼ਮ ਰੇਲਵੇ ਸਟੇਸ਼ਨ ਤੋਂ ਹੀ ਵਪਾਰੀਆਂ ਦੇ ਪਿੱਛੇ ਲੱਗ ਜਾਂਦੇ ਸਨ।
ਭੀੜਭਾੜ ਵਾਲੇ ਇਲਾਕੇ ’ਚ ਮੁਲਜ਼ਮ ਵਪਾਰੀ ਨੂੰ ਰੋਕ ਲੈਂਦੇ ਤੇ ਖੁਦ ਨੂੰ ਪੁਲੀਸ ਮੁਲਾਜ਼ਮ ਦੱਸ ਕੇ ਉਸਦੇ ਸਾਮਾਨ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੰਦੇ ਸਨ। ਇਸੇ ਦੌਰਾਨ ਮੁਲਜ਼ਮ ਪੈਸੇ ਲੈ ਕੇ ਫ਼ਰਾਰ ਹੋ ਜਾਂਦੇ ਸਨ। ਜਦੋਂ ਤੱਕ ਲੁੱਟ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਪਤਾ ਲੱਗਦਾ, ਮੁਲਜ਼ਮ ਗਾਇਬ ਹੁੰਦੇ ਸਨ। ਮੁਲਜ਼ਮਾਂ ਨੇ ਸਨਅਤੀ ਸ਼ਹਿਰ ’ਚ ਤਿੰਨ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ। ਮੁਲਜ਼ਮ ਬਾਹਰ ਪੁਲੀਸ ਕਰਮੀ ਬਣ ਜਾਂਦੇ ਸਨ ਤੇ ਬੈਂਕ ਦੇ ਅੰਦਰ ਵਾਰਦਾਤ ਕਰਨ ਲਈ ਖੁਦ ਨੂੰ ਬੈਂਕ ਦਾ ਕਰਮੀ ਦੱਸਦੇ ਸਨ।
ਪੁਲੀਸ ਪੁੱਛਗਿਛ ’ਚ ਪਤਾ ਲੱਗਿਆ ਕਿ ਤਿਉਹਾਰਾਂ ਦੇ ਸੀਜ਼ਨ ’ਚ ਮੁਲਜ਼ਮ ਨੇ ਉੱਤਰ ਭਾਰਤ ਨੂੰ ਨਿਸ਼ਾਨਾ ਬਣਾ ਰੱਖਿਆ ਹੈ। ਮੁਲਜ਼ਮ ਮੁੰਬਈ ਤੋਂ ਦਿੱਲੀ ਤੱਕ ਰੇਲ ਗੱਡੀ ਦੇ ਰਾਹੀਂ ਆਏ ਸਨ। ਈਰਾਨੀ ਦੇ ਨਾਲ ਉਸ ਦੇ ਤਿੰਨ ਮੈਂਬਰਾਂ ਨੇ ਦਿੱਲੀ ਤੋਂ ਦੋ ਮੋਟਰਸਾਈਕਲ ਚੋਰੀ ਕੀਤੇ। ਉਥੋਂ ਮੋਟਰਸਾਈਕਲ ਰਾਹੀਂ ਉਹ ਪਾਣੀਪਤ ’ਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਸਨਅਤੀ ਸ਼ਹਿਰ ਪੁੱਜ ਗਏ। ਉਨ੍ਹਾਂ ਇੱਥੇ ਵੀ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਤੇ ਵਾਪਸ ਮੁੰਬਈ ਚਲੇ ਗਏ।