ਸੀਬੀਆਈ ਵੱਲੋਂ ਆਪਣੇ ਹੀ ਵਿਸ਼ੇਸ਼ ਡਾਇਰੈਕਟਰ ਖ਼ਿਲਾਫ਼ ਕੇਸ ਦਰਜ

ਕੇਂਦਰੀ ਜਾਂਚ ਏਜੰਸੀ(ਸੀਬੀਆਈ) ਨੇ ਨਿਵੇਕਲੀ ਪੇਸ਼ਕਦਮੀ ਕਰਦਿਆਂ ਅੱਜ ਆਪਣੀ ਹੀ ਏਜੰਸੀ ਵਿੱਚ ਦੂਜੇ ਨੰਬਰ ਦੇ ਅਧਿਕਾਰੀ ਰਾਕੇਸ਼ ਅਸਥਾਨਾ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ਤਹਿਤ ਕੇਸ ਦਰਜ ਕਰ ਲਿਆ। ਜਾਂਚ ਏਜੰਸੀ ’ਚ ਵਿਸ਼ੇਸ਼ ਡਾਇਰੈਕਟਰ ਅਸਥਾਨਾ ’ਤੇ ਦੋਸ਼ ਹੈ ਕਿ ਉਸ ਨੇ ਆਪਣੀ ਜਾਂਚ ਅਧੀਨ ਚੱਲ ਰਹੇ ਕੇਸ ਨਾਲ ਸਬੰਧਤ ਮੀਟ ਬਰਾਮਦਕਾਰ ਮੋਈਨ ਕੁਰੈਸ਼ੀ ਤੋਂ ਵੱਢੀ ਲਈ ਹੈ। ਇਥੇ ਇਹ ਗੱਲ ਕਾਫ਼ੀ ਦਿਲਚਸਪ ਹੈ ਕਿ ਅਸਥਾਨਾ ਨੇ ਦੋ ਮਹੀਨੇ ਪਹਿਲਾਂ ਕੈਬਨਿਟ ਸਕੱਤਰ ਨੂੰ ਦਿੱਤੀ ਸ਼ਿਕਾਇਤ ਵਿੱਚ ਸੀਬੀਆਈ ਮੁਖੀ ਆਲੋਕ ਵਰਮਾ ’ਤੇ ਇਹੀ ਦੋਸ਼ ਲਾਏ ਸਨ। ਸੀਬੀਆਈ ਨੇ ਆਪਣੇ ਵਿਸ਼ੇਸ਼ ਡਾਇਰੈਕਟਰ ਅਸਥਾਨਾ ਖ਼ਿਲਾਫ਼ ਕੇਸ 15 ਅਕਤੂਬਰ ਨੂੰ ਸਤੀਸ਼ ਸਾਨਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਸੀ। ਸਾਨਾ, ਮੀਟ ਬਰਾਮਦਕਾਰ ਮੋਈਨ ਕੁਰੈਸ਼ੀ ਦੀ ਸ਼ਮੂਲੀਅਤ ਵਾਲੇ 2017 ਦੇ ਇਸ ਕੇਸ ਵਿੱਚ ਜਾਂਚ ਦਾ ਸਾਹਮਣਾ ਕਰ ਰਿਹਾ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ ਵਿਚੋਲੀਏ ਮੰਨੇ ਜਾਂਦੇ ਵਾਲੇ ਮਨੋਜ ਪ੍ਰਸਾਦ ਨੂੰ 16 ਅਕਤੂਬਰ ਨੂੰ ਦੁਬਈ ਤੋਂ ਪਰਤਣ ਮੌਕੇ ਗ੍ਰਿਫ਼ਤਾਰ ਕਰ ਲਿਆ ਸੀ। ਏਜੰਸੀ ਨੇ ਹਾਲਾਂਕਿ ਗ੍ਰਿਫ਼ਤਾਰੀ ਨੂੰ ਲੈ ਕੇ ਚੁੱਪੀ ਬਣਾਈ ਰੱਖੀ। ਸਾਨਾ ਨੇ ਕਥਿਤ ਬਿਆਨ ਦਿੱਤਾ ਹੈ ਕਿ ਪ੍ਰਸਾਦ ਤੇ ਉਹਦੇ ਭਰਾ ਸੋਮੇਸ਼ ਨੇ ਉਸ ਨੂੰ ਕਲੀਨ ਚਿੱਟ ਦਿਵਾਉਣ ਲਈ ਪੈਸੇ ਲਏ ਸਨ। ਸਰਕਾਰੀ ਸੂਤਰਾਂ ਮੁਤਾਬਕ ਅਸਥਾਨਾ ਨੇ 24 ਅਗਸਤ ਨੂੰ ਕੈਬਨਿਟ ਸਕੱਤਰ ਨੂੰ ਲਿਖੇ ਵਿਸਤਰਿਤ ਪੱਤਰ ਵਿੱਚ ਸੀਬੀਆਈ ਮੁਖੀ ਵਰਮਾ ਦੀ ਸ਼ਮੂਲੀਅਤ ਵਾਲੇ ਕਥਿਤ ਭ੍ਰਿਸ਼ਟਾਚਾਰ ਨਾਲ ਸਬੰਧਤ ਦਸ ਵਾਕਿਆਂ ਦੀ ਸੂਚੀ ਦਿੱਤੀ ਸੀ।