ਪੰਥਕ ਅਸੈਂਬਲੀ ਵੱਲੋਂ ਬਰਗਾੜੀ ਮੋਰਚੇ ਦੀ ਹਮਾਇਤ ਤੇ ਬਾਦਲਾਂ ਦੇ ਬਾਈਕਾਟ ਦਾ ਸੱਦਾ

ਸਿੱਖ ਮਸਲਿਆਂ ਅਤੇ ਬਰਗਾੜੀ ਮੋਰਚੇ ਬਾਰੇ ਵਿਚਾਰ ਕਰਨ ਲਈ ਬੁਲਾਈ ਪੰਥਕ ਅਸੈਂਬਲੀ ਦਾ ਇਜਲਾਸ ਅੱਜ ਬਰਗਾੜੀ ਮੋਰਚੇ ਦੀ ਪੂਰਨ ਹਮਾਇਤ ਕਰਨ, ਬਾਦਲ ਪਿਉ-ਪੁੱਤਰ ਦੇ ਸਿਆਸੀ ਬਾਈਕਾਟ ਕਰਨ ਤੇ ਅਕਾਲੀ ਕਾਰਕੁਨਾਂ ਨੂੰ ਪੰਥ ਵਿਰੋਧੀ ਪਿਉ-ਪੁੱਤਰ ਦਾ ਸਾਥ ਛੱਡਣ, ਪੰਥ ਨੂੰ ਭਰੋਸੇ ਵਿਚ ਲਏ ਬਿਨਾਂ ਤੇ ਵਿਧੀ-ਵਿਧਾਨ ਘੜੇ ਬਿਨਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਪ੍ਰਵਾਨ ਨਾ ਕਰਨ ਦੇ ਮਤਿਆਂ ਨੂੰ ਪ੍ਰਵਾਨਗੀ ਦੇ ਕੇ ਪੰਥਕ ਅਸੈਂਬਲੀ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਪੰਥਕ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਸਿੰਘ ਭੋਲੀਪੁਰਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਕਬਜ਼ੇ ’ਚ ਕਰਕੇ ਸਿੱਖਾਂ ਦਾ ਭਾਰੀ ਨੁਕਸਾਨ ਕੀਤਾ। ਅਹਿਮਦਾਬਾਦ (ਗੁਜਰਾਤ) ਤੋਂ ਮੋਹਨਜੀਤ ਸਿੰਘ ਨੇ ਕਿਹਾ ਕਿ ਗੁਜਰਾਤ ਵਿਚ ਗੁਰਦੁਆਰਿਆਂ ਦੀ ਹੋਂਦ ਖਤਰੇ ਵਿਚ ਹੈ ਕਿਉਂਕਿ ਉਥੇ ਸਿਆਸੀ ਸਰਪ੍ਰਸਤੀ ਹੇਠ ਗੁਰਦੁਆਰਿਆਂ ਵਿਚ ਮੂਰਤੀਆਂ ਰੱਖਵਾ ਕੇ ਮਰਿਆਦਾ ਨੂੰ ਢਾਹ ਲਾਈ ਜਾ ਰਹੀ ਹੈ। ਸਾਬਕਾ ਆਈਏਐੱਸ ਪ੍ਰੋ. ਗੁਰਤੇਜ ਸਿੰਘ ਨੇ ਕਿਹਾ ਕਿ ਜਦੋਂ ਬਾਦਲਾਂ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ, ਉਦੋਂ ਹੀ ਅਕਾਲੀ ਦਲ ਖਤਮ ਹੋਣਾ ਸ਼ੁਰੂ ਹੋ ਗਿਆ ਸੀ। ਫਰਾਂਸ ਤੋਂ ਆਏ ਪਾਲ ਸਿੰਘ ਨੇ ਕਿਹਾ ਕਿ ਜਦੋਂ ਤੀਕ ਸਿਆਸੀ ਤੌਰ ‘ਤੇ ਸਿੱਖ ਤਾਕਤਵਰ ਨਹੀਂ ਬਣਦੇ, ਬੇਅਦਬੀਆਂ ਨਹੀਂ ਰੁਕਣਗੀਆਂ। ਸ੍ਰੀ ਸੁਖਪ੍ਰੀਤ ਸਿੰਘ ਉਦੋਕੇ ਨੇ ਬੇਅਦਬੀ ਮਾਮਲਿਆਂ ਦੀ ਗੱਲ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਆਪਣੇ ਦੁਸ਼ਮਣ ਦੀ ਸ਼ਨਾਖਤ ਕਰਨ ਦੀ ਲੋੜ ਹੈ। ਪੰਥਕ ਅਸੈਂਬਲੀ ਨੇ ਬਰਗਾੜੀ ਮੋਰਚੇ ਦੀ ਪੂਰਨ ਹਮਾਇਤ ਦਾ ਐਲਾਨ ਕਰਦਿਆਂ ਮੋਰਚੇ ਦੀਆਂ ਮੰਗਾਂ ਦੀ ਵੀ ਹਮਾਇਤ ਕੀਤੀ। ਪਾਸ ਕੀਤੇ ਮਤੇ ਵਿਚ ਕਿਹਾ ਗਿਆ ਕਿ ਅਕਾਲ ਤਖ਼ਤ ਸਾਹਿਬ ਦਾ ‘ਕਠਪੁਤਲੀ’ ਜਥੇਦਾਰ ਪ੍ਰਵਾਨ ਨਹੀਂ। ਅਸੈਂਬਲੀ ਇਜਲਾਸ ਸ਼੍ਰੋਮਣੀ ਕਮੇਟੀ ਨੂੰ ਸਪੱਸ਼ਟ ਕਰਦਾ ਹੈ ਕਿ ਬਾਦਲ ਪਰਿਵਾਰ ਦੇ ਲਗਾਤਾਰ ਅਸਰ ਕਬੂਲਣ ਵਾਲੇ ਗਿਆਨੀ ਗੁਰਬਚਨ ਸਿੰਘ ਨੂੰ ਪੰਥ ਵਿਰੋਧੀ, ਦੇਹਧਾਰੀ, ਗੁਰੂ-ਡੰਮ ਪੱਖੀ ਆਪਹੁਦਰੀਆਂ ਕਾਰਗੁਜ਼ਾਰੀਆਂ ਕਾਰਨ ਸਿੱਖ ਜਗਤ ਵਲੋਂ ਪਹਿਲਾਂ ਹੀ ਨਕਾਰਿਆ ਤੇ ਅਪ੍ਰਵਾਨ ਕੀਤਾ ਜਾ ਚੁੱਕਿਆ ਹੈ। ਇਕ ਹੋਰ ਮਤੇ ਰਾਹੀਂ ਡੇਰਾ ਸਿਰਸਾ ਅਤੇ ਇਸ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਬਹਿਬਲ ਕਲਾਂ, ਬਰਗਾੜੀ ਅਤੇ ਕੋਟਕਪੂਰਾ ਘਟਨਾਵਾਂ ਵਿਚ ਸ਼ਮੂਲੀਅਤ ਦੇ ਸੰਦਰਭ ਵਿਚ ਵਾਈਟ-ਪੇਪਰ ਪ੍ਰਕਾਸ਼ਤ ਕਰਨ ਦਾ ਫੈਸਲਾ ਲਿਆ ਗਿਆ। ਨਾਮ ਚਰਚਾ ਘਰਾਂ ’ਤੇ ਪੰਜਾਬ ਵਿਚ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਗਈ ਕਿ ਬਹਿਬਲ ਕਲਾਂ ਦੇ ਦੋਵਾਂ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬਘਰ ਵਿਚ ਲਾਈਆਂ ਜਾਣ ਅਤੇ ਸਿਰਸਾ ਸਾਧ ਨੂੰ ਮੁਆਫ਼ੀ ਦੇਣ ਵਾਲੇ ਜਥੇਦਾਰ ਗਿਆਨੀ ਮੱਲ ਸਿੰਘ ਦੀ ਤਸਵੀਰ ਉਥੋਂ ਹਟਾਈ ਜਾਵੇ। ਇਜਲਾਸ ਵਿਚ ਇੱਕ ਹੋਰ ਮਤੇ ਰਾਹੀਂ ਇਹ ਮੰਗ ਕੀਤੀ ਗਈ ਕਿ ਨਕੋਦਰ ਕਾਂਡ ਵਿਚ ਸ਼ਹੀਦ ਹੋਏ ਚਾਰ ਨੌਜਵਾਨਾਂ ਸਬੰਧੀ ਬਣੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਸਰਕਾਰ ਜਨਤਕ ਕਰੇ। ਇਕ ਹੋਰ ਮਤੇ ਵਿਚ ਅੰਮ੍ਰਿਤਸਰ ਵਿਚ ਦਸਹਿਰੇ ਵਾਲੇ ਦਿਨ ਵਾਪਰੇ ਰੇਲ ਹਾਦਸੇ ਵਿਚ ਵੱਡੀ ਗਿਣਤੀ ਵਿਚ ਹੋਈ ਮੌਤ ‘ਤੇ ਡੂੰਘਾ ਦੁਖ ਪ੍ਰਗਟ ਕੀਤਾ ਗਿਆ ਅਤੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਪੀੜਤ ਪਰਿਵਾਰਾਂ ਦੀ ਮਾਇਕ ਸਹਾਇਤਾ ਕੀਤੀ ਜਾਵੇ। ਅੱਜ ਬੀਬੀ ਕਿਰਨਜੋਤ ਕੌਰ, ਰਵੀਇੰਦਰ ਸਿੰਘ ਅਤੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਤੋਂ ਬਿਨਾਂ ਬਾਕੀ ਮੈਂਬਰ ਪੁੱਜੇ ਸਨ। ਪ੍ਰਬੰਧਕਾਂ ਦਾ ਕਹਿਣਾ ਸੀ ਕਿ ਇਨ੍ਹਾਂ ਤਿੰਨ ਮੈਂਬਰਾਂ ਨੇ ਆਪਣੀ ਲਿਖਤੀ ਸਹਿਮਤੀ ਭੇਜੀ ਸੀ ਪਰ ਆਏ ਨਹੀਂ। ਦੋ ਦਿਨਾ ਸੈਸ਼ਨ ਦੌਰਾਨ 60 ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਸਨ। ਇਜਲਾਸ ਵਿਚ ਕੰਵਰਪਾਲ ਸਿੰਘ ਬਿੱਟੂ, ਐਡਵੋਕੇਟ ਜਸਵਿੰਦਰ ਸਿੰਘ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਪ੍ਰੋ. ਜਗਮੋਹਨ ਸਿੰਘ ਟੋਨੀ, ਹਰਪਾਲ ਸਿੰਘ ਚੀਮਾ, ਕਰਨੈਲ ਸਿੰਘ ਪੀਰ ਮੁਹੰਮਦ, ਜਸਪਾਲ ਸਿੰਘ ਸਿੱਧੂ, ਸਾਬਕਾ ਆਈਏਐੱਸ ਪ੍ਰੋ. ਗੁਰਤੇਜ ਸਿੰਘ, ਪ੍ਰਿੰਸੀਪਲ ਜਗਦੀਸ਼ ਸਿੰਘ, ਜਸਪਾਲ ਸਿੰਘ ਹੇਰਾਂ, ਅਮਨਦੀਪ ਸਿੰਘ ਆਸਟਰੇਲੀਆ, ਗੁਰਪ੍ਰੀਤ ਸਿੰਘ ਚੰਡੀਗੜ੍ਹ, ਐਡਵੋਕੇਟ ਅਮਰ ਸਿੰਘ ਚਾਹਲ, ਅਮਰੀਕ ਸਿੰਘ ਸ਼ਾਹਪੁਰ, ਜਸਬੀਰ ਸਿੰਘ ਘੁੰਮਣ ਆਦਿ ਤੋਂ ਇਲਾਵਾ ਹੋਰ ਮੈਂਬਰ ਮੌਜੂਦ ਸਨ।