ਅੰਮ੍ਰਿਤਸਰ ਹਾਦਸਾ: ਤਣਾਅ ਮਗਰੋਂ ਰੇਲ ਸੇਵਾਵਾਂ ਬਹਾਲ

ਦਸਹਿਰੇ ਵਾਲੇ ਦਿਨ ਵਾਪਰੇ ਰੇਲ ਹਾਦਸੇ ਤੋਂ ਬਾਅਦ ਬੰਦ ਹੋਈ ਰੇਲ ਆਵਾਜਾਈ ਅੱਜ ਚਾਲੀ ਘੰਟੇ ਬਾਅਦ ਬਹਾਲ ਕਰ ਦਿੱਤੀ ਗਈ ਹੈ। ਰੇਲ ਆਵਾਜਾਈ ਨੂੰ ਬਹਾਲ ਕਰਨ ਦੇ ਯਤਨਾਂ ਤਹਿਤ ਅੱਜ ਇਥੇ ਜੌੜਾ ਫਾਟਕ ਨੇੜੇ ਰੇਲ ਪਟੜੀਆਂ ਤੋਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਝੜਪਾਂ ਹੋਈਆਂ ਤੇ ਇਸ ਦੌਰਾਨ ਹੀ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਪਥਰਾਅ ਦੀ ਘਟਨਾ ਵਾਪਰੀ ਹੈ। ਪੁਲੀਸ ਨੇ ਪੱਥਰ ਮਾਰਨ ਵਾਲਿਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਵੀ ਕੀਤਾ। ਇਸ ਦੌਰਾਨ ਇਕ ਪੁਲੀਸ ਕਰਮਚਾਰੀ ਜ਼ਖਮੀ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੇਲ ਪਟੜੀਆਂ ਤੇ ਇਸ ਦੇ ਆਲੇ ਦੁਆਲੇ ਦਫਾ 144 ਲਾ ਦਿੱਤੀ ਗਈ ਹੈ। ਰੇਲ ਹਾਦਸਾ ਵਾਪਰਨ ਤੋਂ ਬਾਅਦ ਕੱਲ੍ਹ ਸਵੇਰ ਤੋਂ ਹੀ ਕੁਝ ਲੋਕ ਇਥੇ ਰੋਸ ਵਜੋਂ ਰੇਲ ਪਟੜੀਆਂ ਉੱਤੇ ਬੈਠੇ ਹੋਏ ਹਨ। ਇਸੇ ਤਰ੍ਹਾਂ ਹੀ ਕੁਝ ਲੋਕ ਇਥੇ ਜੌੜਾ ਫਾਟਕ ਨੇੜੇ ਵੀ ਇਕੱਠੇ ਹੋਏ ਸਨ। ਅੱਜ ਜਦੋਂ ਪੁਲੀਸ ਅਧਿਕਾਰੀਆਂ ਨੇ ਇਨ੍ਹਾਂ ਨੂੰ ਰੇਲ ਪਟੜੀਆਂ ਖਾਲੀ ਕਰਨ ਲਈ ਆਖਿਆ ਤਾਂ ਇਥੇ ਬੈਠੇ ਲੋਕਾਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਹੋਣ ਤਕ ਇਥੋਂ ਜਾਣ ਤੋਂ ਨਾਂਹ ਕਰ ਦਿੱਤੀ। ਇਥੇ ਲਗਪਗ 50 ਤੋਂ ਵੱਧ ਮਰਦ ਅਤੇ ਔਰਤਾਂ ਵਿਖਾਵਾਕਾਰੀਆਂ ਵਜੋਂ ਹਾਜ਼ਰ ਸਨ। ਇਨ੍ਹਾਂ ਨੇ ਪੁਲੀਸ ਵਲੋਂ ਰੇਲ ਪਟੜੀਆਂ ਤੋਂ ਹਟਾਉਣ ਵਿਰੁੱਧ ਪੁਲੀਸ ਕਰਮਚਾਰੀਆਂ ਉੱਤੇ ਪਥਰਾਅ ਸ਼ੁਰੂ ਕਰ ਦਿੱਤਾ। ਪੁਲੀਸ ਨੇ ਬਚਾਅ ਕਰਦਿਆਂ ਵਿਖਾਵਾਕਾਰੀਆਂ ‘ਤੇ ਵੀ ਵਾਪਸ ਪੱਥਰ ਸੁੱਟੇ। ਭੀੜ ਨੂੰ ਖਿੰਡਾਉਣ ਵਾਸਤੇ ਪੁਲੀਸ ਨੇ ਹਲਕਾ ਲਾਠੀਚਾਰਜ ਕੀਤਾ ਅਤੇ ਵਿਖਾਵਾਕਾਰੀਆਂ ਨੂੰ ਨੇੜਲੀਆਂ ਕਲੋਨੀਆਂ ਦੀਆਂ ਗਲੀਆਂ ਵਿਚ ਧੱਕ ਦਿੱਤਾ। ਪੁਲੀਸ ਨੇ ਇਸ ਮਾਮਲੇ ਵਿਚ ਲਗਪਗ ਦਸ ਵਿਅਕਤੀਆਂ ਨੂੰ ਹਿਰਾਸਤ ਵਿਚ ਵੀ ਲਿਆ ਹੈ, ਜੋ ਉਸ ਵੇਲੇ ਵਿਖਾਵਾਕਾਰੀਆਂ ਦੀ ਅਗਵਾਈ ਕਰ ਰਹੇ ਸਨ। ਇਸ ਦੌਰਾਨ ਪੁਲੀਸ ਵਲੋਂ ਇਥੇ ਰੇਲ ਪਟੜੀਆਂ ਉੱਤੇ ਇਹ ਘੋਸ਼ਣਾ ਵੀ ਕੀਤੀ ਗਈ ਕਿ ਰੇਲ ਪਟੜੀਆਂ ਉੱਤੇ ਬੈਠਣ ਵਾਲੇ ਜਾਂ ਧਰਨਾ ਦੇਣ ਵਾਲਿਆਂ ਖਿਲਾਫ਼ ਕਾਰਵਾਈ ਹੋਵੇਗੀ। ਇਸ ਘਟਨਾ ਦੌਰਾਨ ਇੱਕ ਸਿਖਲਾਈ ਪ੍ਰਾਪਤ ਕਰ ਰਿਹਾ ਪੁਲੀਸ ਕਰਮਚਾਰੀ ਸਿਮਰਨਜੀਤ ਸਿੰਘ ਜ਼ਖਮੀ ਹੋ ਗਿਆ ਹੈ। ਉਸ ਦੀ ਅੱਖ ਉੱਤੇ ਪੱਥਰ ਲੱਗਾ ਹੈ। ਇਸ ਦੌਰਾਨ ਪੁਲੀਸ ਵਲੋਂ ਇਸ ਇਲਾਕੇ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੌਰਾਨ ਅੱਜ ਪਟਿਆਲਾ ਤੋਂ ਸ਼ਿਵ ਸੈਨਾ ਆਗੂ ਅਤੇ ਉਨ੍ਹਾਂ ਨਾਲ ਸਥਾਨਕ ਆਗੂ ਵੀ ਰੇਲ ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਲਈ ਆਏ ਸਨ ਪਰ ਪੁਲੀਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਦੌਰਾ ਕਰਨ ਦੀ ਆਗਿਆ ਨਹੀਂ ਦਿੱਤੀ।ਪੁਲੀਸ ਦੇ ਡਿਪਟੀ ਕਮਿਸ਼ਨਰ ਅਮਰੀਕ ਸਿੰਘ ਪਵਾਰ ਨੇ ਆਖਿਆ ਕਿ ਪ੍ਰਦਰਸ਼ਨਕਾਰੀਆਂ ਵਿਚ ਰੇਲ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰ ਜਾਂ ਜ਼ਖਮੀਆਂ ਦੇ ਪਰਿਵਾਰ ਸ਼ਾਮਲ ਨਹੀਂ ਸਨ। ਇਹ ਵਿਖਾਵਾਕਾਰੀ ਸ਼ਰਾਰਤੀ ਅਨਸਰ ਸਨ, ਜਿਨ੍ਹਾਂ ਦਾ ਪੀੜਤਾਂ ਜਾਂ ਪ੍ਰਭਾਵਿਤਾਂ ਨਾਲ ਕੋਈ ਸਬੰਧ ਨਹੀਂ ਹੈ। ਉਹ ਇਥੇ ਲੋਕਾਂ ਨੂੰ ਆਪਣੇ ਨਿੱਜੀ ਮੁਫਾਦ ਲਈ ਭੜਕਾਅ ਰਹੇ ਹਨ। ਐੱਸਡੀਐੱਮ ਰਜੇਸ਼ ਸ਼ਰਮਾ ਨੇ ਆਖਿਆ ਕਿ ਉਨ੍ਹਾਂ ਨੂੰ ਲਗਪਗ 15 ਵਿਅਕਤੀ ਮਿਲਣ ਲਈ ਆਏ ਸਨ, ਜਿਨ੍ਹਾਂ ਨੇ ਆਪਣੀਆਂ ਕੁਝ ਸਮੱਸਿਆਵਾਂ ਦੱਸੀਆਂ ਸਨ, ਜਿਸ ਨੂੰ ਮੌਕੇ ਤੇ ਸੁਣਿਆ ਹੈ ਅਤੇ ਉਨ੍ਹਾਂ ਵਿਚੋਂ ਕੁਝ ਨੂੰ ਹੱਲ ਕਰ ਦਿੱਤਾ ਹੈ। ਇਨ੍ਹਾਂ ਵਿਚੋਂ ਕੁਝ ਲੋਕ ਮੁਆਵਜ਼ਾ ਅਤੇ ਨੌਕਰੀ ਚਾਹੁੰਦੇ ਸਨ। ਉਨ੍ਹਾਂ ਨੂੰ ਇਸ ਸਬੰਧ ਵਿਚ ਅਰਜ਼ੀਆਂ ਦੇਣ ਲਈ ਆਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਅੱਜ ਇਥੇ ਪਥਰਾਅ ਕਰਨ ਦਾ ਕੋਈ ਮੰਤਵ ਨਹੀਂ ਸੀ। ਰੇਲ ਆਵਾਜਾਈ ਨੂੰ ਬਹਾਲ ਕਰਨਾ ਜ਼ਰੂਰੀ ਹੈ ਕਿਉਂਕਿ ਵੱਡੀ ਗਿਣਤੀ ਵਿਚ ਯਾਤਰੂ ਪ੍ਰਭਾਵਿਤ ਹੋ ਰਹੇ ਹਨ। ਪ੍ਰਸ਼ਾਸਨ ਵਲੋਂ ਰੇਲ ਪਟੜੀਆਂ ਤੋਂ ਵਿਖਾਵਾਕਾਰੀਆਂ ਨੂੰ ਖਿੰਡਾਉਣ ਮਗਰੋਂ ਰੇਲ ਵਿਭਾਗ ਨੇ ਰੇਲ ਆਵਾਜਾਈ ਬਹਾਲ ਕਰਨ ਲਈ ਹਰੀ ਝੰਡੀ ਦਿੱਤੀ ਗਈ ਹੈ। ਵਿਖਾਵਾਕਾਰੀਆਂ ਨੂੰ ਇਥੋਂ ਹਟਾਉਣ ਮਗਰੋਂ ਰੇਲ ਪਟੜੀਆਂ ਦੇ ਆਲੇ ਦੁਆਲੇ ਵਿਸ਼ੇਸ਼ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ। ਰੇਲਵੇ ਸਟੇਸ਼ਨ ਦੇ ਕਾਰਜਕਾਰੀ ਡਾਇਰੈਕਟਰ ਅੰਮ੍ਰਿਤ ਸਿੰਘ ਨੇ ਆਖਿਆ ਕਿ ਅੰਮ੍ਰਿਤਸਰ-ਜਲੰਧਰ ਰੇਲ ਮਾਰਗ ਉੱਤੇ ਅੱਜ ਦੋ ਵਾਰ ਰੇਲ ਗੱਡੀ ਚਲਾ ਕੇ ਟਰਾਇਲ ਕੀਤਾ ਗਿਆ ਹੈ। ਰੇਲ ਵਿਭਾਗ ਵਲੋਂ ਹੁਣ ਤਕ ਰੋਜ਼ਾਨਾ ਚੱਲਣ ਵਾਲੀਆਂ ਰੇਲ ਗੱਡੀਆਂ ਵਿਚੋਂ 17 ਰੇਲ ਗੱਡੀਆਂ ਰੱਦ ਕੀਤੀਆਂ ਜਾ ਚੁੱਕੀਆਂ ਹਨ। 14 ਰੇਲ ਗੱਡੀਆਂ ਨੂੰ ਅੰਮ੍ਰਿਤਸਰ ਦੀ ਥਾਂ ਹੋਰ ਸਟੇਸ਼ਨਾਂ ਤੋਂ ਚਲਾਇਆ ਗਿਆ ਹੈ ਤੇ 12 ਰੇਲ ਗੱਡੀਆਂ ਦਾ ਮਾਰਗ ਬਦਲਿਆ ਗਿਆ ਹੈ। ਇਸ ਦੌਰਾਨ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਸੁਖਬਿੰਦਰ ਸਿੰਘ ਸਰਕਾਰੀਆ ਤੇ ਸਾਧੂ ਸਿੰਘ ਧਰਮਸੋਤ ਨੇ ਦੋ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਰੇਲ ਹਾਦਸੇ ਦੇ ਜ਼ਖ਼ਮੀਆਂ ਦੀ ਖਬਰਸਾਰ ਲਈ। ਡਿਪਟੀ ਕਮਿਸ਼ਨਰ ਕਮਲਦੀਪ ਸੰਘਾ, ਪੁਲੀਸ ਕਮਿਸ਼ਨਰ ਐਸ ਐਸ ਸ੍ਰੀਵਾਸਤਵਾ ਅਤੇ ਕਰਮਜੀਤ ਸਿੰਘ ਰਿੰਟੂ ਨੇ ਵੀ ਹਸਪਤਾਲਾਂ ਵਿੱਚ ਜਾ ਕੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ।