ਤਾਰ ਅਤੇ ਸਪੋਰਟ ਟੁੱਟਣ ਕਾਰਨ ਝੂਲਾ ਬੇਕਾਬੂ, ਬੱਚੀ ਜ਼ਖ਼ਮੀ

ਦੁਸਹਿਰਾ ਉਤਸਵ ਨੂੰ ਉਤਸ਼ਾਹਿਤ ਕਰਨ ਹਿੱਤ ਪਿਛਲੇ ਹਫਤੇ ਤੋਂ ਨਾਜਾਇਜ਼ ਚੱਲ ਰਹੇ ਮੇਲੇ ਦੇ ਇਕ ਝੂਲੇ ਦੀ ਤਾਰ ਅਤੇ ਸਪੋਰਟ ਟੁੱਟਣ ਕਾਰਨ ਝੂਲਾ ਬੇਕਾਬੂ ਹੋ ਗਿਆ ਅਤੇ ਸਵਾਰਾਂ ਨੂੰ ਸੱਟਾਂ ਲੱਗੀਆਂ ਹਨ।
ਇਕ ਨਿੱਜੀ ਫ਼ਰਮ ਵਲੋਂ ਹਫ਼ਤਾ ਪਹਿਲਾ ਇੱਥੋਂ ਦੀ ਦਸਹਿਰਾ ਗਰਾਊਂਡ ’ਚ ਨਵਾਂਸ਼ਹਿਰ ਦੀ ਦੁਸਹਿਰਾ ਕਮੇਟੀ ਨਾਲ ਕਥਿਤ ਗੰਢਤੁੱਪ ਕਰ ਕੇ ਮੇਲਾ ਲਗਾਇਆ, ਜਿਸ ਦੌਰਾਨ ਕੁੱਝ ਵੱਡੇ ਅਤੇ ਛੋਟੇ ਝੂਲੇ ਵੀ ਲਗਾਏ ਗਏ। ਇਸ ਦੌਰਾਨ ਵੱਡਾ ਝੂਲਾ, ਜਿਸ ਨੂੰ ਟਰੈਕਟਰ ਦੇ ਨਾਲ ਪਟਾ ਪਾ ਕੇ ਚਲਾਇਆ ਜਾ ਰਿਹਾ ਹੈ, ਦੀ ਬੀਤੀ ਰਾਤ ਮੁੱਖ ਤਾਰ ਅਤੇ ਸਪੋਰਟ ਟੁੱਟ ਗਈ। ਉਸ ਸਮੇਂ ਝੂਲੇ ’ਤੇ ਔਰਤਾਂ ਤੇ ਬੱਚਿਆਂ ਸਣੇ 50 ਦੇ ਕਰੀਬ ਸਵਾਰ ਸਨ। ਪੰਡਾਲ ਅਤੇ ਝੂਲੇ ਦੇ ਬਕਸਿਆਂ ’ਚ ਲੋਕਾਂ ਦਾ ਚੀਕ ਚਿਹਾੜਾ ਮੱਚ ਗਿਆ। ਇਸ ਮੌਕੇ ਝੂਲਾ ਬੇਕਾਬੂ ਹੋ ਕੇ ਅੱਗੇ ਪਿੱਛੇ ਘੁੰਮਣ ਲੱਗਿਆ। ਹਾਦਸੇ ਦੌਰਾਨ ਇੱਕ ਬੱਚੀ ਨੇ ਝੂਲਾ ਹੇਠਾਂ ਆਉਂਦੇ ਸਾਰ ਛਾਲ ਮਾਰ ਦਿੱਤੀ, ਜਿਸ ਨੂੰ ਉਸਦੇ ਵਾਰਸਾਂ ਵਲੋਂ ਤੁਰੰਤ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਥਾਣਾ ਸਿਟੀ ਨਵਾਂਸ਼ਹਿਰ ਦੇ ਵਧੀਕ ਥਾਣਾ ਮੁਖੀ ਸੋਢੀ ਸਿੰਘ, ਏਐਸਆਈ ਸੁਰਿੰਦਰ ਸਿੰਘ, ਹੌਲਦਾਰ ਟਹਿਲ ਸਿੰਘ ਅਤੇ ਸਿਪਾਹੀ ਸੁਖਦੇਵ ਸਿੰਘ ਵਲੋਂ ਝੂਲੇ ਨੂੰ ਰੱਸਾ ਪਾਇਆ ਗਿਆ ਤੇ ਬਾਕੀ ਲੋਕਾਂ ਦੀ ਮਦਦ ਨਾਲ ਝੂਲੇ ਨੂੰ ਕਾਬੂ ਕਰਕੇ ਲੋਕਾਂ ਦੀ ਜਾਨ ਬਚਾਈ ਗਈ। ਪੁਲੀਸ ਵਲੋਂ ਟਰੈਕਟਰ ਆਪਣੇ ਕਬਜ਼ੇ ’ਚ ਲੈ ਲਿਆ ਗਿਆ ਪਰ ਉਸ ਦਾ ਚਾਲਕ ਫ਼ਰਾਰ ਹੋ ਗਿਆ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਆਖਿਆ ਕਿ ਮਾਮਲੇ ’ਚ ਤਹਿਸੀਲਦਾਰ ਨਵਾਂਸ਼ਹਿਰ ਨੂੰ ਸਮੂਹ ਪਹਿਲੂਆਂ ’ਤੇ ਗੰਭੀਰਤਾ ਨਾਲ ਜਾਂਚ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਮੁਕੰਮਲ ਰਿਪੋਰਟ ਆਉਣ ’ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਦੁਸਹਿਰਾ ਉਤਸਵ ਕਮੇਟੀ ਦੇ ਕਾਰਜਕਾਰੀ ਪ੍ਧਾਨ ਡਾ. ਹਰਮੇਸ਼ ਪੁਰੀ ਨੇ ਕਿਹਾ ਕਿ ਝੂਲੇ ਦੀ ਸਮਰੱਥਾ ਘੱਟ ਸੀ ਅਤੇ ਬੰਦੇ ਜ਼ਿਆਦਾ ਬੈਠ ਗਏ ਸਨ। ਇਸ ਦੌਰਾਨ ਕੁੱਝ ਸ਼ਰਾਬੀ ਸਵਾਰ ਸਨ ਜਿਸ ਕਾਰਨ ਉਨ੍ਹਾਂ ਵਲੋਂ ਭਾਰ ਇਕ ਪਾਸੇ ਜ਼ਿਆਦਾ ਕਰ ਦਿੱਤਾ ਗਿਆ ਅਤੇ ਝੂਲਾ ਡਾਵਾਂਡੋਲ ਹੋ ਗਿਆ। ਬਾਕੀ ਲੋਕਾਂ ਵਲੋਂ ਵੱਡੇ ਹਾਦਸੇ ਸਬੰਧੀ ਅਫਵਾਹ ਹੀ ਫੈਲਾਈ ਜਾ ਰਹੀ ਹੈ ਕਿਸੇ ਦੇ ਕੋਈ ਵੀ ਸੱਟ ਨਹੀਂ ਲੱਗੀ ਹੈ।