ਮੋਤੀ ਮਹਿਲ ਵੱਲ ਵਧਦੀਆਂ ਆਸ਼ਾ ਵਰਕਰਾਂ ਤੇ ਪੁਲੀਸ ’ਚ ਝੜਪਾਂ

ਹਰਿਆਣਾ ਪੈਟਰਨ ’ਤੇ ਤਨਖਾਹ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਤੋਂ ਪੁੱਜੀਆਂ ਸੈਂਕੜੇ ਆਸ਼ਾ ਵਰਕਰਾਂ ਨੇ ਅੱਜ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਭਾਵੇਂ ਕਿ ਉਨ੍ਹਾਂ ਨੂੰ ਕੁੱਝ ਫਰਕ ਨਾਲ਼ ਪੋਲੋ ਗਰਾਊਂਡ ਕੋਲ ਹੀ ਰੋਕ ਲਿਆ ਪਰ ਇਸ ਦੌਰਾਨ ਦੋਵਾਂ ਧਿਰਾਂ ਦਰਮਿਆਨ ਕਈ ਝੜਪਾਂ ਹੋਈਆਂ। ਇਨ੍ਹਾਂ ਵਿਚ ਦਰਜਨ ਭਰ ਆਸ਼ਾ ਵਰਕਰਾਂ ਅਤੇ ਅੱਧੀ ਦਰਜਨ ਮਹਿਲਾ ਪੁਲੀਸ ਮੁਲਾਜ਼ਮ ਵੀ ਫੱਟੜ ਹੋ ਗਈਆਂ।
‘ਆਸ਼ਾ ਵਰਕਰਜ਼ ਯੂਨੀਅਨ’ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਹੇਠਾਂ ਆਸ਼ਾ ਵਰਕਰਾਂ ਨੇ ਪਹਿਲਾਂ ਸਿਵਲ ਸਰਜਨ ਦਫ਼ਤਰ ਵਿਖੇ ਰੋਸ ਰੈਲੀ ਕੀਤੀ,ਫਿਰ ਉਹ ਕਾਫਲੇ ਦੇ ਰੂਪ ਵਿਚ ਮਹਿਲ ਵੱਲ ਰਵਾਨਾ ਹੋਈਆਂ। ਮਹਿਲ ਚੁਫ਼ੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਸਮੇਤ ਵਾਈਪੀਐੱਸ ਚੌਕ ’ਤੇ ਵੀ ਪੁਲੀਸ ਦੇ ਸੌ ਮੁਲਾਜ਼ਮ ਤੇ ਕਮਾਂਡੋ ਤਾਇਨਾਤ ਸਨ। ਪਿਛਾਂਹ ਪੋਲੋ ਗਰਾਊਂਡ ਕੋਲ਼ ਵੀ ਕਮਾਂਡੋ ਤੇ ਲੇਡੀ ਪੁਲੀਸ ਸਮੇਤ ਡੇਢ ਸੌ ਮੁਲਾਜ਼ਮ ਤਾਇਨਾਤ ਸਨ। ਇਥੇ ਪੁੱਜਦਿਆਂ ਹੀ ਆਸ਼ਾ ਵਰਕਰਾਂ ਨੇ ਮਹਿਲ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤੇ ਸਿੱਟੇ ਵਜੋਂ ਪੁਲੀਸ ਨਾਲ ਸਖਤ ਝੜਪਾਂ ਹੋਈਆਂ। ਆਸ਼ਾ ਵਰਕਰਾਂ ਨੂੰ ਭਾਰੂ ਪੈਂਦਿਆਂ ਵੇਖ ਹੋਰ ਮਹਿਲਾ ਪੁਲੀਸ ਫੋਰਸ ਸੱਦੀ ਗਈ।
ਇਸ ਦੌਰਾਨ ਫਹਿਤਗੜ੍ਹ ਜ਼ਿਲ੍ਹੇ ਦੀ ਇੱਕ ਆਸ਼ਾ ਵਰਕਰ ਨੇ ਕਾਫ਼ੀ ਵਖ਼ਤ ਪਾਇਆ ਤੇ ਉਹ ਨਾ ਸਿਰਫ਼ ਮਹਿਲਾ ਮੁਲਾਜ਼ਮਾਂ ਬਲਕਿ ਪੁਰਸ਼ ਮੁਲਾਜ਼ਮਾਂ ਨੂੰ ਵੀ ਧੂਹ ਕੇ ਲੈ ਗਈ,ਜਿਸ ਨੂੰ ਕਾਬੂ ਕਰਨ ਲਈ ਇੰਸਪੈਕਟਰ ਪੁਸ਼ਪਾ ਦੇਵੀ ਨੂੰ ਵੀ ਮੈਦਾਨ ਵਿਚ ਆਉਣਾ ਪਿਆ ਪਰ ਫਿਰ ਵੀ ਉਹ ਮਹਿਲਾ ਮੁਲਾਜ਼ਮਾਂ ਕੋਲ਼ੋਂ ਡੰਡਾ ਖੋਹ ਕੇ ਲੈ ਗਈ। ਯੂਨੀਅਨ ਦੇ ਖਮਾਣੋ ਬਲਾਕ ਦੀ ਪ੍ਰਧਾਨ ਹਰਜਿੰਦਰ ਕੌਰ ਖਮਾਣੋਂ ਵੀ ਦੂਰ ਤੱਕ ਲੰਘ ਗਈ ਸੀ ਪਰ ਇਕੱਲੀ ਹੋਣ ਕਰਕੇ ਪੁਲੀਸ ਉਸ ਨੂੰ ਜਲਦੀ ਹੀ ਪਿਛਾਂਹ ਮੋੜ ਲਿਆ। ਇਸ ਦੌਰਾਨ ਉਸ ਦੀ ਵਿਦੇਸ਼ੀ ਘੜੀ ਤੇ ਪਰਸ ਵੀ ਡਿੱਗ ਗਿਆ, ਪਰਸ ਤਾਂ ਮਿਲ ਗਿਆ, ਪਰ ਘੜੀ ਨਹੀਂ ਲੱਭੀ। ਲਖਵੀਰ ਕੌਰ ਫਹਤਿਗੜ੍ਹ ਰਜਵੰਤ ਕੌਰ, ਕਮਲਪ੍ਰੀਤ ਕੌਰ ਭੜੀ, ਸੁਖਜੀਤ ਕੌਰ ਮੋਹਣਮਾਜਰਾ, ਹਰਜਿੰਦਰ ਕੌਰ ਜਟਾਣਾ, ਗੁਰਮੀਤ ਕੌਰ ਰਾਮਗੜ੍ਹ ਤੇ ਨਿਰਮਲ ਕੌਰ ਨਾਨੋਵਾਲ਼ ਸਮੇਤ ਕਈ ਹੋਰ ਵੀ ਪੁਲੀਸ ਦੀ ਧੱਕਾਮੁੱਕੀ ਦਾ ਸ਼ਿਕਾਰ ਹੋਈਆਂ।
ਅਧਿਕਾਰੀਆਂ ਨੇ ਦਖਲ ਦਿੰਦਿਆਂ, ਉਨ੍ਹਾਂ ਦੀ ਸਿਹਤ ਮੰਤਰੀ ਨਾਲ 27 ਅਕਤੂਬਰ ਦੀ ਮੀਟਿੰਗ ਮੁਕੱਰਰ ਕਰਵਾਈ ਗਈ ਪਰ ਡਿਊਟੀ ਮੈਜਿਸਟਰੇਟ ਵਜੋਂ ਤਾਇਨਾਤ ਤਹਿਸੀਲਦਾਰ ਪਰਵੀਨ ਕੁਮਾਰ ਤੋਂ ਲਿਖਤੀ ਭਰੋਸਾ ਲੈਣ ਉਪਰੰੰਤ ਹੀ ਪ੍ਰਧਾਨ ਕਿਰਨਦੀਪ ਪੰਜੋਲਾ ਨੇ ਧਰਨੇ ਦੀ ਸਮਾਪਤੀ ਦਾ ਐਲਾਨ ਕੀਤਾ। ਕਿਰਨਦੀਪ ਪੰਜੋਲਾ ਦਾ ਕਹਿਣਾ ਸੀ ਕਿ ਪੰਜਾਬ ਵਿਚ 28 ਹਜ਼ਾਰ ਦੇ ਕਰੀਬ ਆਸ਼ਾ ਵਰਕਰਾਂ ਹਨ ਪਰ ਨਿਗੂਣੇ ਭੱਤੇ ਤਹਿਤ ਉਨ੍ਹਾਂ ਨੂੰ ਇੱਕ ਹਜ਼ਾਰ ਤੋਂ ਤਿੰਨ ਹਜ਼ਾਰ ਤੱਕ ਹੀ ਬਣਦੇ ਹਨ। ਉਨ੍ਹਾਂ ਹਰਿਆਣਾ ਦੀ ਤਰਜ਼ ’ਤੇ ਚਾਰ ਹਜ਼ਾਰ ਰੁਪਏ ਉੱਕਾ ਪੁੱਕਾ ਦੇਣ ਦੀ ਮੰਗ ਕੀਤੀ। ਹਰਜਿੰਦਰ ਕੌਰ ਖਮਾਣੋ ਦਾ ਕਹਿਣਾ ਸੀ ਕਿ ਉਹ 48 ਜ਼ਿੰਮੇਵਾਰੀਆਂ ਨਿਭਾਉਂਦੀਆਂ ਹਨ ਪਰ ਸਰਕਾਰ ਉਨ੍ਹਾਂ ਦਾ ਰੱਜ ਕੇ ਸ਼ੋਸ਼ਣ ਕਰ ਰਹੀ ਹੈ।